ਫ਼ਰੀਦਕੋਟ : ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਦਾ ਗੱਠਜੋੜ ਹੋ ਗਿਆ ਹੈ ਅਤੇ ਦੋਵੇਂ ਪਾਰਟੀਆਂ ਨੇ ਰਲ ਕੇ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਸਮਝੌਤੇ ਮਗਰੋਂ ਭਾਜਪਾ ਨੇ ਮਾਲਵੇ ਵਿੱਚ 24 ਦੇ ਕਰੀਬ ਸੀਟਾਂ ਦੀ ਮੰਗ ਕੀਤੀ ਹੈ। ਇਹ ਉਹ ਵਿਧਾਨ ਸਭਾ ਸੀਟਾਂ ਹਨ, ਜਿੱਥੇ ਡੇਰਾ ਸੱਚਾ ਸੌਦਾ ਦੀ ਵੋਟ ਦਾ ਪ੍ਰਭਾਵ ਹੈ ਅਤੇ 20 ਸਾਲਾਂ ਤੋਂ ਡੇਰੇ ਦੀ ਵੋਟ ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਨਤੀਜੇ ਪ੍ਰਭਾਵਿਤ ਕਰ ਰਹੀ ਹੈ।
ਸੂਤਰਾਂ ਅਨੁਸਾਰ ਡੇਰਾ ਸੱਚਾ ਸੌਦਾ ਨੇ ਗੱਠਜੋੜ ਤੋਂ ਬਾਅਦ ਵੀ ਅਕਾਲੀ ਦਲ ਤੋਂ ਦੂਰੀ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂਕਿ ਮਾਲਵੇ ਵਿੱਚ ਚੋਣ ਲੜਨ ਵਾਲੇ ਭਾਜਪਾ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇਗਾ, ਜੇ ਡੇਰਾ ਸੱਚਾ ਸੌਦਾ ਭਾਜਪਾ ਦੇ ਹੱਕ ਵਿੱਚ ਭੁਗਤਦਾ ਹੈ ਤਾਂ ਉਸ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਸੰਗਰੂਰ, ਮਾਨਸਾ ਤੇ ਬਰਨਾਲਾ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ।ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਕਾਂਗਰਸ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ ਅਤੇ ਮਾਲਵੇ ਵਿੱਚੋਂ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ। ਉਸ ਤੋਂ ਬਾਅਦ ਮਾਲਵੇ ਵਿੱਚ ਅਕਾਲੀ ਦਲ ਦੇ ਪੈਰ ਨਹੀਂ ਲੱਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਆਮ ਆਦਮੀ ਪਾਰਟੀ ਇੱਥੋਂ ਪੂਰੀ ਤਰ੍ਹਾਂ ਸਫ਼ਲ ਰਹੀ ਅਤੇ 2017 ਤੇ 2022 ਵਿੱਚ ਵੀ ਅਕਾਲੀ ਦਲ ਨੂੰ ਮਾਲਵੇ ਵਿੱਚੋਂ ਸਫਲਤਾ ਨਹੀਂ ਮਿਲੀ। ਡੇਰਾ ਮੁਖੀ ਨੂੰ ਭਾਜਪਾ ਸਰਕਾਰ 6 ਸਾਲਾਂ ਦੌਰਾਨ 17 ਵਾਰ ਜੇਲ੍ਹ ਵਿੱਚੋਂ ਪੈਰੋਲ ਤੇ ਫਰਲੋ ਦੇ ਚੁੱਕੀ ਹੈ। ਇਸ ਕਰਕੇ ਭਾਜਪਾ ਨੂੰ ਸਿੱਖ ਸੰਗਤਾਂ ਅਤੇ ਅਕਾਲੀ ਦਲ ਦਾ ਸਿੱਧਾ ਵਿਰੋਧ ਵੀ ਝੱਲਣਾ ਪਿਆ। ਇਸ ਦੇ ਬਾਵਜੂਦ ਭਾਜਪਾ ਸਰਕਾਰ ਨੇ ਡੇਰਾ ਮੁਖੀ ਨੂੰ ਪੈਰੋਲ ਦੇਣ ਵਿੱਚ ਕੋਈ ਕੰਜੂਸੀ ਨਹੀਂ ਵਰਤੀ।
ਡੇਰੇ ਦੇ ਮਾਲਵੇ ਦੇ ਆਗੂ ਨੇ ਸਪੱਸ਼ਟ ਕੀਤਾ ਕਿ ਚੋਣਾਂ ਦੌਰਾਨ ਅਕਾਲੀ ਦਲ ਦੀ ਡੇਰਾ ਹਮਾਇਤ ਨਹੀਂ ਕਰੇਗਾ ਅਤੇ ਨਾ ਹੀ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲਵੇਗਾ। ਬੇਅਦਬੀ ਕਾਂਡ ਤੋਂ ਬਾਅਦ ਮਾਲਵੇ ਵਿੱਚ 7 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ ਅਤੇ ਡੇਰਾ ਮੁਖੀ ਸਮੇਤ 10 ਡੇਰਾ ਪੈਰੋਕਰਾਂ ਖ਼ਿਲਾਫ਼ ਬੇਅਦਬੀ ਦੇ ਤਿੰਨ ਮਾਮਲੇ ਫਰੀਦਕੋਟ ਜ਼ਿਲ੍ਹੇ ਵਿੱਚ ਦਰਜ ਹਨ, ਜਿਸ ਕਾਰਨ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਹੋਰ ਸਿਆਸੀ ਧਿਰਾਂ ਡੇਰੇ ਨਾਲ ਜਨਤਕ ਸੰਪਰਕ ਤੋਂ ਕਤਰਾਉਂਦੀਆਂ ਰਹੀਆਂ ਹਨ, ਜਦੋਂ ਕਿ ਭਾਜਪਾ ਆਗੂ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਅਕਸਰ ਡੇਰੇ ਵਿੱਚ ਜਨਤਕ ਤੌਰ ’ਤੇ ਜਾਂਦੇ ਰਹੇ ਹਨ ਅਤੇ ਮਿਲਦੇ ਰਹੇ ਹਨ।

