ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਹਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਦੀ ਮੁਹਿੰਮ ਚਲਾਉਣ ਅਤੇ ਇਸ ਦੀ ਪ੍ਰਗਤੀ ਦਾ ਵੇਰਵਾ ਦਿੰਦੇ ਹੋਏ ਮਹੀਨਾਵਾਰ ਹਲਫ਼ਨਾਮੇ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਐੱਨ.ਜੀ.ਓਜ਼ (NGOs), ਪਸ਼ੂ ਭਲਾਈ ਸੰਸਥਾਵਾਂ ਅਤੇ ਵਲੰਟੀਅਰਾਂ ਨੂੰ ਇਨ੍ਹਾਂ ਪਸ਼ੂਆਂ ਨੂੰ ਰੱਖਣ ਲਈ ਵਿਸ਼ੇਸ਼ ਕੇਂਦਰ ਸਥਾਪਤ ਕਰਨ ਵਾਸਤੇ ਜ਼ਮੀਨ ਅਤੇ ਹੋਰ ਸਹੂਲਤਾਂ ਦੀ ਪੇਸ਼ਕਸ਼ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਹਰੇਕ ਜ਼ਿਲ੍ਹੇ ਵਿੱਚ ਨਸਬੰਦੀ ਤੇ ਟੀਕਾਕਰਨ ਯਕੀਨੀ ਬਣਾ ਕੇ “ਪਸ਼ੂ ਜਨਮ ਨਿਯੰਤਰਣ ਨਿਯਮ, 2023 ਦੀਆਂ ਮੱਦਾਂ ਦੀ ਸਖ਼ਤੀ ਨਾਲ ਪਾਲਣਾ” ਕਰਨ ਦੇ ਹੁਕਮ ਦਿੱਤੇ ਹਨ।
ਮਹੀਨਾਵਾਰ ਹਲਫ਼ਨਾਮਿਆਂ ਵਿੱਚ ਸਬੰਧਤ ਜ਼ਿਲ੍ਹੇ ਅੰਦਰ ਚਲਾਈਆਂ ਗਈਆਂ ਕੁੱਲ ਮੁਹਿੰਮਾਂ ਦੇ ਨਾਲ-ਨਾਲ ਉਨ੍ਹਾਂ ਕੁੱਤਿਆਂ ਦੀ ਗਿਣਤੀ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ, ਜਿਨ੍ਹਾਂ ਦੀ ਨਸਬੰਦੀ ਜਾਂ ਟੀਕਾਕਰਨ ਕੀਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਏ.ਬੀ.ਸੀ. (ਐਨੀਮਲ ਬਰਥ ਕੰਟਰੋਲ) ਕੇਂਦਰਾਂ ਵਿੱਚ ਰੱਖਿਆ ਗਿਆ ਹੈ।
ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਐੱਨ.ਜੀ.ਓਜ਼, ਪਸ਼ੂ ਭਲਾਈ ਸੰਸਥਾਵਾਂ, ਵਲੰਟੀਅਰ ਅਤੇ ਸਰਕਾਰਾਂ ਆਵਾਰਾ ਕੁੱਤਿਆਂ ਨੂੰ ਗੋਦ ਲੈਣ ਵਾਲੇ ਕੇਂਦਰ (ਡੌਗ ਅਡੌਪਸ਼ਨ ਸੈਂਟਰ) ਬਣਾਉਣ ਲਈ ਵੀ ਲੋੜੀਂਦੇ ਯਤਨ ਕਰਨ ਤਾਂ ਜੋ ਇਨ੍ਹਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਜਿਹੜੇ ਲੋਕ ਆਵਾਰਾ ਕੁੱਤਿਆਂ ਨੂੰ ਗੋਦ ਲੈਂਦੇ ਹਨ, ਉਹ ਇਹ ਯਕੀਨੀ ਬਣਾਉਣਗੇ ਕਿ ਅਜਿਹੇ ਕੁੱਤਿਆਂ ਨੂੰ ਮੁੜ ਗਲੀਆਂ ਵਿੱਚ ਘੁੰਮਣ ਲਈ ਨਾ ਛੱਡਿਆ ਜਾਵੇ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇ।
ਬੈਂਚ ਨੇ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਿਸ਼ੇਸ਼ ਵੈੱਬਸਾਈਟਾਂ ਬਣਾਉਣ ਦੇ ਨਿਰਦੇਸ਼ ਵੀ ਦਿੱਤੇ, ਜਿੱਥੇ ਹਰ ਮਹੀਨੇ ਇਹ ਸਾਰੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਹ ਵੇਰਵੇ ਹਲਫ਼ਨਾਮਿਆਂ ਰਾਹੀਂ ਅਦਾਲਤ ਵਿੱਚ ਵੀ ਪੇਸ਼ ਕਰਨੇ ਹੋਣਗੇ।
ਪਸ਼ੂ ਭਲਾਈ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੀਆਂ ਦੋ ਅਹਿਮ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਇੱਕ ਪਾਸੇ ਆਵਾਰਾ ਕੁੱਤਿਆਂ ਦੀ ਭਲਾਈ ਹੈ, ਜਿਸ ਦੀ ਨਿਗਰਾਨੀ ਪਸ਼ੂ ਜਨਮ ਨਿਯੰਤਰਣ ਨਿਯਮਾਂ ਅਤੇ ਵੱਖ-ਵੱਖ ਮਿਉਂਸਪਲ ਕਾਨੂੰਨਾਂ ਤਹਿਤ ਹੋਣੀ ਚਾਹੀਦੀ ਹੈ, ਜੋ ਇਨ੍ਹਾਂ ਕੁੱਤਿਆਂ ਦੇ ਰਹਿਣ ਲਈ ਕੇਂਦਰ ਬਣਾਉਣ ਅਤੇ ਇਲਾਜ ਦੀ ਵਿਵਸਥਾ ਕਰਦੇ ਹਨ। ਦੂਜੀ ਅਤੇ ਬਰਾਬਰ ਦੀ ਗੰਭੀਰ ਚਿੰਤਾ ਨਾਗਰਿਕਾਂ ਅਤੇ ਬੱਚਿਆਂ ਦੀ ਸੁਰੱਖਿਆ ਹੈ, ਤਾਂ ਜੋ ਉਹ ਕੁੱਤਿਆਂ ਵੱਲੋਂ ਨੋਚੇ ਜਾਣ ਦੇ ਡਰ ਤੋਂ ਬਿਨਾਂ ਸੜਕਾਂ ਅਤੇ ਜਨਤਕ ਥਾਵਾਂ ‘ਤੇ ਬੇਖ਼ੌਫ਼ ਘੁੰਮ ਸਕਣ।
ਬੈਂਚ ਨੇ ਨੋਟ ਕੀਤਾ, “ਅਜੇ ਪਰਸੋਂ ਹੀ ਅਖ਼ਬਾਰਾਂ ਦੀਆਂ ਰਿਪੋਰਟਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵਾਪਰੀ ਇੱਕ ਘਟਨਾ ਨੂੰ ਉਜਾਗਰ ਕੀਤਾ ਹੈ, ਜਿੱਥੇ ਇੱਕ 8 ਸਾਲਾ ਬੱਚੇ ਨੂੰ ਗਲੀ ਦੇ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਅਜਿਹੀਆਂ ਘਟਨਾਵਾਂ ਬੇਹੱਦ ਮੰਦਭਾਗੀਆਂ ਹਨ ਅਤੇ ਇਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।”
ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰਾਂ ਵੱਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕਣ ਦੇ ਦਾਅਵੇ ਕਰਦਿਆਂ ਹਲਫ਼ਨਾਮੇ ਤਾਂ ਦਾਇਰ ਕੀਤੇ ਜਾ ਰਹੇ ਹਨ, ਪਰ ਦੋਵਾਂ ਧਿਰਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਅਜਿਹੇ ਉਪਾਅ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰਨ ਵਿੱਚ ਨਾਕਾਮ ਰਹੇ ਹਨ।
ਬੈਂਚ ਨੇ ਇੱਕ ਐੱਨ.ਜੀ.ਓ. ਵੱਲੋਂ ਪੇਸ਼ ਹੋਏ ਐਡਵੋਕੇਟ ਅਨੁਰਾਗ ਚੋਪੜਾ ਦੀਆਂ ਇਨ੍ਹਾਂ ਦਲੀਲਾਂ ਦਾ ਵੀ ਨੋਟਿਸ ਲਿਆ ਕਿ ਪਸ਼ੂ ਭਲਾਈ ਸੰਸਥਾਵਾਂ ਅਤੇ ਵਲੰਟੀਅਰ ਆਵਾਰਾ ਕੁੱਤਿਆਂ ਲਈ ਸਮਰਪਿਤ ਕੇਂਦਰ ਬਣਾਉਣ ਵਾਸਤੇ ਸਰਕਾਰੀ ਅਧਿਕਾਰੀਆਂ ਨੂੰ ਜ਼ਮੀਨ ਅਤੇ ਹੋਰ ਸਹੂਲਤਾਂ ਦੇਣ ਲਈ ਤਿਆਰ ਹਨ, ਪਰ ਅਧਿਕਾਰੀ ਉਨ੍ਹਾਂ ਤੋਂ ਸਹਿਯੋਗ ਲੈਣ ਲਈ ਰਾਜ਼ੀ ਨਹੀਂ ਹਨ। ਹਾਲਾਂਕਿ, ਅਦਾਲਤ ਨੇ ਟਿੱਪਣੀ ਕੀਤੀ ਕਿ ਰਿਕਾਰਡ ‘ਤੇ ਅਜਿਹਾ ਕੁਝ ਵੀ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਕਿਸੇ ਵੀ ਐੱਨ.ਜੀ.ਓ. ਜਾਂ ਵਲੰਟੀਅਰ ਨੇ ਅਸਲ ਵਿੱਚ ਜ਼ਮੀਨ ਜਾਂ ਹੋਰ ਸਹੂਲਤਾਂ ਦੀ ਪੇਸ਼ਕਸ਼ ਕੀਤੀ ਹੈ।
ਇਸ ਦੇ ਮੱਦੇਨਜ਼ਰ ਬੈਂਚ ਨੇ ਪਟੀਸ਼ਨਰਾਂ ਅਤੇ ਕਿਸੇ ਵੀ ਹੋਰ ਐੱਨ.ਜੀ.ਓ., ਪਸ਼ੂ ਭਲਾਈ ਸੰਸਥਾ ਜਾਂ ਵਲੰਟੀਅਰ ਨੂੰ ਸਬੰਧਤ ਡਿਪਟੀ ਕਮਿਸ਼ਨਰ ਨੂੰ ਜ਼ਮੀਨ ਜਾਂ ਹੋਰ ਸਹੂਲਤਾਂ ਦੀ ਪੇਸ਼ਕਸ਼ ਕਰਨ ਅਤੇ ਹਲਫ਼ਨਾਮੇ ਰਾਹੀਂ ਅਦਾਲਤ ਨੂੰ ਸੂਚਿਤ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਬੈਂਚ ਨੇ ਕਿਹਾ ਕਿ ਇਸ ਨਾਲ ਲੋੜ ਪੈਣ ‘ਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਾਧਨ ਜੁਟਾਉਣ ਵਾਸਤੇ ਢੁਕਵੇਂ ਨਿਰਦੇਸ਼ ਜਾਰੀ ਕਰਨ ਵਿੱਚ ਮਦਦ ਮਿਲੇਗੀ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ, 2027 ਨੂੰ ਹੋਵੇਗੀ।

