ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਿਊਜ਼ਿਕ ਕੰਪਨੀ ‘ਸਾਗਾ ਮਿਊਜ਼ਿਕ’ ਵੱਲੋਂ ਉਨ੍ਹਾਂ ਦੇ ਪੁੱਤਰ ਦਾ ਗੀਤ ‘ਫੈਂਟਮ’ (Phantom) ਰਿਲੀਜ਼ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸਬੰਧਤ ਮਿਊਜ਼ਿਕ ਲੇਬਲ ਨੇ ਉਨ੍ਹਾਂ ਦੀ ਸਹਿਮਤੀ ਜਾਂ ਕਿਸੇ ਕਾਨੂੰਨੀ ਪ੍ਰਵਾਨਗੀ ਤੋਂ ਬਿਨਾਂ ਹੀ ਇਹ ਗੀਤ ਜਾਰੀ ਕਰਨ ਦਾ ਕਦਮ ਚੁੱਕਿਆ ਹੈ। ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦਾ ਹੱਲ ਕੱਢਣ ਲਈ ਗੱਲਬਾਤ ਕਰਨ ਅਤੇ ਗੀਤ ਦੀ ਰਿਲੀਜ਼ ਨੂੰ ਫਿਲਹਾਲ ਰੋਕਣ ਦੀ ਬੇਨਤੀ ਕੀਤੀ ਗਈ ਸੀ, ਪਰ ਸਾਗਾ ਮਿਊਜ਼ਿਕ ਨੇ ਇਸ ਨੂੰ ਅਣਗੌਲਿਆ ਕਰਦਿਆਂ ਗੀਤ ਰਿਲੀਜ਼ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਕੰਪਨੀ ਕੋਲ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਕੋਈ ਵੀ ਵੈਧ ਦਸਤਾਵੇਜ਼ ਮੌਜੂਦ ਨਹੀਂ ਹਨ। ਬਲਕੌਰ ਸਿੰਘ ਅਤੇ ਚਰਨ ਕੌਰ ਨੇ ਬਿਆਨ ਵਿੱਚ ਸਪੱਸ਼ਟ ਕੀਤਾ, “ਸਿੱਧੂ ਮੂਸੇਵਾਲਾ ਦਾ ਗੀਤ ‘ਫੈਂਟਮ’ ਸਾਡੀ ਇਜਾਜ਼ਤ ਜਾਂ ਅਧਿਕਾਰ ਤੋਂ ਬਿਨਾਂ ਸਾਗਾ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਅਸੀਂ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਲਈ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੇ ਹਾਂ।” ਇਸ ਦੇ ਨਾਲ ਹੀ ਪਰਿਵਾਰ ਨੇ ਉਨ੍ਹਾਂ ਹੋਰਨਾਂ ਕਲਾਕਾਰਾਂ ਅਤੇ ਮਿਊਜ਼ਿਕ ਕੰਪਨੀਆਂ ਨੂੰ ਵੀ ਸਪੱਸ਼ਟ ਸੰਦੇਸ਼ ਦਿੱਤਾ ਹੈ, ਜੋ ਮੂਸੇਵਾਲਾ ਦੇ ਗੀਤਾਂ ਨਾਲ ਸਬੰਧਤ ਦਸਤਾਵੇਜ਼ ਜਾਂ ਅਧਿਕਾਰ ਹੋਣ ਦਾ ਦਾਅਵਾ ਕਰਦੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਜਨਤਕ ਐਲਾਨ ਕਰਨ ਜਾਂ ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਸਿੱਧੇ ਤੌਰ ’ਤੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।
Posted inChandigarh
Sidhu Moosewala Song dispute: ਬਿਨਾਂ ਇਜਾਜ਼ਤ ਦੇ ਗੀਤ ‘ਫੈਂਟਮ’ ਰਿਲੀਜ਼ ਕਰਨ ’ਤੇ ਮਾਪਿਆਂ ਵੱਲੋਂ ਇਤਰਾਜ਼; ਕਾਨੂੰਨੀ ਕਾਰਵਾਈ ਦੀ ਚਿਤਾਵਨੀ

