ਗੁਹਾਟੀ : ਅਸਾਮ ਦੇ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਕੋਲਕਾਤਾ-ਸਰਾਂਗ ਐਕਸਪ੍ਰੈੱਸ ਰੇਲ ਗੱਡੀ ਦਾ ਇੰਜਣ ਅਤੇ ਪੰਜ ਡੱਬੇ ਪਟੜੀ ਤੋਂ ਲਹਿ ਗਏ ਜਿਸ ਕਾਰਨ 50 ਯਾਤਰੀ ਜ਼ਖਮੀ ਹੋ ਗਏ ਪਰ ਰੇਲਵੇ ਨੇ ਇਨ੍ਹਾਂ ਯਾਤਰੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਕੀਤੀ। ਇਹ ਹਾਦਸਾ ਡਿਗਾਰੂ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 6.54 ਵਜੇ ਵਾਪਰਿਆ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਬਦਲਵੀਂ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ। ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ। ਘਟਨਾ ਬਾਰੇ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚੇ ਇੱਕ ਸਥਾਨਕ ਵਸਨੀਕ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਲਈ ਨਿਕਲਿਆ ਹੋਇਆ ਸੀ। ਹਾਦਸੇ ਦੀ ਖ਼ਬਰ ਸੁਣ ਕੇ ਉਹ ਡਿਗਾਰੂ ਰੇਲਵੇ ਸਟੇਸ਼ਨ ਤੋਂ ਕਰੀਬ 500 ਮੀਟਰ ਦੂਰ ਘਟਨਾ ਸਥਾਨ ’ਤੇ ਪਹੁੰਚਿਆ। ਉੱਥੇ ਉਸ ਨੇ ਰੇਲ ਗੱਡੀ ਦੇ ਛੇ ਡੱਬੇ ਪਟੜੀ ਤੋਂ ਉਤਰੇ ਹੋਏ ਦੇਖੇ।
ਸਥਾਨਕ ਵਸਨੀਕ ਨੇ ਖ਼ਦਸ਼ਾ ਜਤਾਇਆ ਕਿ ਰੇਲ ਗੱਡੀ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਨੇੜੇ ਕਈ ਘਰ ਵੀ ਹਨ, ਪਰ ਖ਼ੁਸ਼ਕਿਸਮਤੀ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਉਸ ਨੇ ਰੇਲਵੇ ਮੰਤਰਾਲੇ ਅਤੇ ਮਾਲੀਗਾਓਂ ਸਥਿਤ ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਅਧਿਕਾਰੀਆਂ ਤੋਂ ਇਸ ਘਟਨਾ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਤਕਨਾਲੋਜੀ ਦੇ ਇਸ ਦੌਰ ਵਿੱਚ ਇੰਜਣ ਦੇ ਬ੍ਰੇਕ ਫੇਲ੍ਹ ਹੋਣਾ ਗੰਭੀਰ ਮਾਮਲਾ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਗੁਜਰਾਤ ਤੇ ਤਾਮਿਲਨਾਡੂ ਵਿੱਚ ਵੀ ਵਾਪਰ ਚੁੱਕੇ ਹਨ ਰੇਲ ਹਾਦਸੇ
ਇਸ ਤੋਂ ਪਹਿਲਾਂ ਸੋਮਵਾਰ ਰਾਤ ਗੁਜਰਾਤ ਵਿੱਚ ਦਾਹੋਦ ਤੋਂ ਜਾਕੋਟ ਵੱਲ ਜਾ ਰਹੀ ਮਾਲ ਗੱਡੀ ਦੇ ਦੋ ਪਹੀਏ ਢੇਡੇਲਾ ਨੇੜੇ ਪਟੜੀ ਤੋਂ ਉਤਰ ਗਏ ਸਨ। ਇਸ ਕਾਰਨ ਹੇਠਲੀ ਲਾਈਨ ’ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਦਿੱਲੀ ਜਾਣ ਵਾਲੀਆਂ ਦੋ ਰੇਲ ਗੱਡੀਆਂ ਦੇਰੀ ਨਾਲ ਚੱਲੀਆਂ। ਹਾਦਸੇ ਸਮੇਂ ਮਾਲ ਗੱਡੀ ਖਾਲੀ ਸੀ ਅਤੇ ਮੱਧ ਪ੍ਰਦੇਸ਼ ਵੱਲ ਜਾ ਰਹੀ ਸੀ। ਰੇਲਵੇ ਦੀਆਂ ਟੀਮਾਂ ਨੇ ਤੁਰੰਤ ਪਟੜੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਘਟਨਾ ਵਿੱਚ ਵੀ ਕੋਈ ਜ਼ਖ਼ਮੀ ਨਹੀਂ ਹੋਇਆ।
ਇਸੇ ਤਰ੍ਹਾਂ ਤਾਮਿਲਨਾਡੂ ਦੇ ਤਿਰੂਪੱਤੂਰ ਜ਼ਿਲ੍ਹੇ ਵਿੱਚ ਜੋਲਾਰਪੇੱਟਾਈ ਜੰਕਸ਼ਨ ਦੇ ਰੇਲਵੇ ਯਾਰਡ ਵਿੱਚ ਖੜ੍ਹੇ ਸੱਤ ਖਾਲੀ ਡੱਬੇ ਬਿਨਾਂ ਇੰਜਣ ਦੇ ਆਪਣੇ ਆਪ ਚੱਲ ਪਏ ਸਨ। ਇਹ ਡੱਬੇ ਕਰੀਬ ਛੇ ਕਿਲੋਮੀਟਰ ਤੱਕ ਚੱਲਣ ਮਗਰੋਂ ਥਾਮਲੇਰੀ ਮੁਥੂਰ ਨੇੜੇ ਪਟੜੀ ਤੋਂ ਉਤਰ ਗਏ ਸਨ। ਇਸ ਕਾਰਨ ਬੰਗਲੂਰੂ ਅਤੇ ਚੇਨੱਈ ਵਿਚਾਲੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਸੀ। ਸੰਭਾਵੀ ਟੱਕਰ ਰੋਕਣ ਲਈ ਰੇਲਵੇ ਅਧਿਕਾਰੀਆਂ ਨੇ ਬੰਗਲੂਰੂ ਵੱਲੋਂ ਜੋਲਾਰਪੇੱਟਾਈ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਵੱਖ-ਵੱਖ ਥਾਵਾਂ ’ਤੇ ਰੋਕਣ ਦੇ ਨਿਰਦੇਸ਼ ਦਿੱਤੇ ਸਨ।

