ਚੰਡੀਗਡ਼੍ਹ : ਪੰਜਾਬ ਸਰਕਾਰ ਦੀ ਆਸ਼ੀਰਵਾਦ ਸਕੀਮ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਜਿਸ ਦੀ ਜਾਂਚ ਹੁਣ ਵਿਜੀਲੈਂਸ ਬਿਊਰੋ ਨੇ ਵਿੱਢ ਦਿੱਤੀ ਹੈ। ਮੁੱਢਲੇ ਪੜਾਅ ’ਤੇ ਜ਼ਿਲ੍ਹਾ ਅੰਮ੍ਰਿਤਸਰ ’ਚ ਤਿੰਨ ਵਰ੍ਹਿਆਂ ਦੌਰਾਨ ‘ਆਸ਼ੀਰਵਾਦ ਸਕੀਮ’ ’ਚ ਗੋਲਮਾਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਪੜਤਾਲ ਸਮਾਜਿਕ ਨਿਆਂ ਅਤੇ ਘੱਟਗਿਣਤੀ ਵਿਭਾਗ ਵੱਲੋਂ ਕੀਤੀ ਗਈ ਹੈ।ਜ਼ਿਲ੍ਹਾ ਤਰਨ ਤਾਰਨ ਦੇ ਨਵਦੀਪ ਸਿੰਘ ਪੱਟੀ ਨੇ ਇਸ ਘਪਲੇ ਸਬੰਧੀ ਸ਼ਿਕਾਇਤ ਪੰਜਾਬ ਸਰਕਾਰ ਨੂੰ ਕੀਤੀ ਸੀ। ਵਿਜੀਲੈਂਸ ਬਿਊਰੋ ਮੁਹਾਲੀ ਨੇ ਸ਼ਿਕਾਇਤ ਨੰਬਰ 415/2026 ਦਰਜ ਕਰ ਕੇ ਸਮਾਜਿਕ ਨਿਆਂ ਅਤੇ ਘੱਟਗਿਣਤੀ ਵਿਭਾਗ ਤੋਂ ਇਸ ਬਾਰੇ ਰਿਕਾਰਡ ਤਲਬ ਕਰ ਲਿਆ ਹੈ। ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਅੰਮ੍ਰਿਤਸਰ ਤੋਂ ਵੀ ਸਾਲ 2023 ਤੋਂ 2025 ਦੌਰਾਨ ਆਸ਼ੀਰਵਾਦ ਸਕੀਮ ਤਹਿਤ ਆਈਆਂ ਦਰਖ਼ਾਸਤਾਂ ਦਾ ਵੇਰਵਾ ਤੇ ਇਸ ਸਕੀਮ ਤਹਿਤ ਰਾਸ਼ੀ ਹਾਸਲ ਕਰਨ ਵਾਲੇ ਲਾਭਪਾਤਰੀਆਂ ਦਾ ਰਿਕਾਰਡ ਤਲਬ ਕੀਤਾ ਹੈ। ਉਪਰੋਕਤ ਸਮੇਂ ਦੌਰਾਨ ਅੰਮ੍ਰਿਤਸਰ ’ਚ ਤਾਇਨਾਤ ਰਹੇ ਜ਼ਿਲ੍ਹਾ ਭਲਾਈ ਅਫਸਰਾਂ ’ਤੇ ਉਂਗਲ ਉੱਠੀ ਹੈ ਜਿਨ੍ਹਾਂ ’ਚੋਂ ਇੱਕ ਅਧਿਕਾਰੀ ਨੂੰ ਉੱਚ ਅਹੁਦੇ ਨਾਲ ਵੀ ਨਿਵਾਜਿਆ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਐੱਸ ਸੀ/ਬੀ ਸੀ ਸਮੇਤ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 51 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਾਈ ਜਾਂਦੀ ਹੈ। ਸ਼ਿਕਾਇਤ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ’ਚ ਅਜਿਹੇ 10 ਲਾਭਪਾਤਰੀ ਸ਼ਨਾਖ਼ਤ ਹੋਏ ਹਨ ਜਿਨ੍ਹਾਂ ਦੇ ਖਾਤਿਆਂ ’ਚ ਵਾਰ-ਵਾਰ ‘ਆਸ਼ੀਰਵਾਦ ਸਕੀਮ’ ਤਹਿਤ ਰਾਸ਼ੀ ਟਰਾਂਸਫਰ ਕੀਤੀ ਗਈ ਹੈ। ਜੋਬਨਦੀਪ ਸਿੰਘ ਨਾਮ ਦੇ ਲਾਭਪਾਤਰੀ ਦੇ ਖਾਤੇ ’ਚ 13 ਐਂਟਰੀਆਂ ਹੋਈਆਂ ਹਨ। ਨਿਯਮਾਂ ਅਨੁਸਾਰ ਇੱਕ ਪਰਿਵਾਰ ਦੀਆਂ ਦੋ ਧੀਆਂ ਨੂੰ ਹੀ ਸਕੀਮ ਦਾ ਲਾਭ ਮਿਲ ਸਕਦਾ ਹੈ। ਇਸ ਲਾਭਪਾਤਰੀ ਦੇ ਖਾਤੇ ’ਚ ਇੱਕੋ ਦਿਨ ਭਾਵ 16 ਮਈ 2023 ਨੂੰ ਤਿੰਨ ਐਂਟਰੀਆਂ ਅਤੇ 21 ਅਗਸਤ 2023 ਨੂੰ ਛੇ ਐਂਟਰੀਆਂ ਹੋਈਆਂ ਹਨ। ਇਕੱਲੇ ਜ਼ਿਲ੍ਹਾ ਅੰਮ੍ਰਿਤਸਰ ’ਚ 10 ਲਾਭਪਾਤਰੀਆਂ ਦੇ ਖਾਤਿਆਂ ’ਚ 57 ਐਂਟਰੀਆਂ ਹੋਈਆਂ ਹਨ। ਇਸੇ ਤਰ੍ਹਾਂ ਬਲਜਿੰਦਰ ਕੌਰ ਤੇ ਮਨਜਿੰਦਰ ਕੌਰ ਲਾਭਪਾਤਰੀ ਦੇ ਖਾਤਿਆਂ ’ਚ 8-8 ਐਂਟਰੀਆਂ ਦਿਖਾਈਆਂ ਗਈਆਂ ਹਨ। ਵਿਕਰਮਜੀਤ ਸਿੰਘ ਅਤੇ ਗੁਰਮੀਤ ਕੌਰ ਦੇ ਖਾਤਿਆਂ ’ਚ ਛੇ-ਛੇ ਐਂਟਰੀਆਂ ਦਿਖਾਈਆਂ ਗਈਆਂ ਹਨ। ਸ਼ਿਕਾਇਤ ਕਰਨ ਵਾਲੇ ਨਵਦੀਪ ਸਿੰਘ ਨੇ ਹੁਣ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਦਿੱਤੀ ਤਾਂ ਉਸ ਮਗਰੋਂ ਵਿਜੀਲੈਂਸ ਹਰਕਤ ’ਚ ਆ ਗਈ। ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਹੈ ਕਿ ਅਜਿਹਾ ਸਮੁੱਚੇ ਪੰਜਾਬ ’ਚ ਹੋਣ ਦਾ ਖ਼ਦਸ਼ਾ ਹੈ ਜਿਸ ਕਰ ਕੇ ਅੰਮ੍ਰਿਤਸਰ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੀ ਵੀ ਪੜਤਾਲ ਕੀਤੀ ਜਾਵੇ।
ਵੇਰਵਿਆਂ ਅਨੁਸਾਰ ਵਿੱਤ ਵਿਭਾਗ ਦੇ ਵਧੀਕ ਡਾਇਰੈਕਟਰ (ਖ਼ਜ਼ਾਨਾ ਤੇ ਲੇਖਾ) ਨੇ ਇਸ ਬਾਰੇ 6 ਅਕਤੂਬਰ ਨੂੰ ਮੀਟਿੰਗ ਵੀ ਕੀਤੀ ਸੀ ਜਿਸ ’ਚ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਸੀ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟਗਿਣਤੀ ਵਿਭਾਗ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜਾਰੀ ਰਾਸ਼ੀ ਦੀ ਜਾਂਚ ਦਾ ਘੇਰਾ ਪੰਜ ਜ਼ਿਲ੍ਹਿਆਂ ਤੱਕ ਵਧਾਇਆ ਹੈ। ਜ਼ਿਲ੍ਹਾ ਮਾਨਸਾ, ਅੰਮ੍ਰਿਤਸਰ, ਕਪੂਰਥਲਾ, ਜਲੰਧਰ ਅਤੇ ਫ਼ਾਜ਼ਿਲਕਾ ’ਚ ਇਸ ਸਕੀਮ ਦੇ ਲਾਭਪਾਤਰੀਆਂ ਦੀ ਜਾਂਚ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਹਨ। ਲਾਭਪਾਤਰੀਆਂ ਨੂੰ ਰਾਸ਼ੀ ਜਾਰੀ ਕਰਨ ਲਈ ਸੂਬਾਈ ਪੱਧਰ ’ਤੇ ਭੁਗਤਾਨ ਪੋਰਟਲ ਬਣਿਆ ਹੋਇਆ ਹੈ।
62 ਕੇਸਾਂ ’ਚ ਗ਼ਲਤ ਅਦਾਇਗੀ ਹੋਈ
ਸਮਾਜਿਕ ਨਿਆਂ ਅਤੇ ਘੱਟਗਿਣਤੀ ਵਿਭਾਗ ਦੀ ਡਾਇਰੈਕਟਰ ਵਿੰਮੀ ਭੁੱਲਰ ਦਾ ਕਹਿਣਾ ਸੀ ਕਿ ਇਹ ਪੜਤਾਲ ਮਹਿਕਮੇ ਨੇ ਆਪਣੇ ਪੱਧਰ ’ਤੇ ਕਰਾਈ ਹੈ ਜਿਸ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ 62 ਕੇਸਾਂ ’ਚ ਗ਼ਲਤ ਅਦਾਇਗੀ ਹੋਈ ਹੈ। ਉਨ੍ਹਾਂ ਕਿਹਾ ਕਿ ਹੋਰ ਪੰਜ ਜ਼ਿਲ੍ਹਿਆਂ ਵਿੱਚ ਵੀ ਕੇਸਾਂ ਦੀ ਘੋਖ ਕੀਤੀ ਗਈ, ਪਰ ਉਨ੍ਹਾਂ ਜ਼ਿਲ੍ਹਿਆਂ ਵਿੱਚ ਕੋਈ ਵੱਡੀ ਕੁਤਾਹੀ ਸਾਹਮਣੇ ਨਹੀਂ ਆਈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਮੁੱਚੇ ਪੰਜਾਬ ਵਿੱਚ ਇਸ ਸਕੀਮ ਦਾ ਆਡਿਟ ਕਰਾਉਣਗੇ। ਇਸ ਗੜਬੜ ਵਿੱਚ ਹੇਠਲੇ ਪੱਧਰ ਦੇ ਮੁਲਾਜ਼ਮ ਜ਼ਿੰਮੇਵਾਰ ਹਨ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਕੀਮ ਦਾ ਗ਼ਲਤ ਲਾਹਾ ਲੈਣ ਵਾਲੇ ਲਾਭਪਾਤਰੀਆਂ ਤੋਂ ਵਸੂਲੀ ਕੀਤੀ ਜਾ ਰਹੀ ਹੈ।
ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ: ਮੰਤਰੀ
ਸਮਾਜਿਕ ਨਿਆਂ ਅਤੇ ਘੱਟਗਿਣਤੀ ਵਿਭਾਗ ਬਾਰੇ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ’ਚ ਕੁਝ ਗੜਬੜ ਜਾਪਦੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਫ਼ੌਰੀ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਿੱਜੀ ਤੌਰ ’ਤੇ ਇਹ ਮਾਮਲਾ ਦੇਖ ਰਹੇ ਹਨ। ਜਾਂਚ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

