ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪਵੇਗਾ। ਮਦਰ ਡੇਅਰੀ ਨੇ ਦੁੱਧ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲਿਟਰ ਤੱਕ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਵੀਰਵਾਰ ਤੋਂ ਲਾਗੂ ਹੋਣਗੀਆਂ। ਦਿੱਲੀ-ਐੱਨਸੀਆਰ ਵਿੱਚ ਟੋਕਨ ਰਾਹੀਂ ਵੇਚੇ ਜਾਣ ਵਾਲੇ ਟੋਨਡ ਦੁੱਧ ਦੀ ਕੀਮਤ 58 ਤੋਂ ਵਧਾ ਕੇ 60 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਪਾਊਚ ਵਾਲੇ ਫੁੱਲ ਕਰੀਮ ਦੁੱਧ ਦਾ ਭਾਅ 72 ਤੋਂ ਵਧ ਕੇ 76 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪਾਊਚ ਵਾਲੇ ਟੋਨਡ ਦੁੱਧ ਦੀ ਕੀਮਤ 60 ਤੋਂ ਵਧਾ ਕੇ 62 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਡਬਲ ਟੋਨਡ ਦੁੱਧ ਹੁਣ 54 ਦੀ ਥਾਂ 56 ਰੁਪਏ ਪ੍ਰਤੀ ਲਿਟਰ ਮਿਲੇਗਾ, ਜਦਕਿ ਗਾਂ ਦੇ ਦੁੱਧ ਦੀ ਕੀਮਤ 62 ਤੋਂ ਵਧਾ ਕੇ 65 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ।
ਦਿੱਲੀ-ਐੱਨਸੀਆਰ ਵਿੱਚ ਰੋਜ਼ਾਨਾ 35 ਲੱਖ ਲਿਟਰ ਵਿਕਰੀ
ਮਦਰ ਡੇਅਰੀ ਆਪਣੀ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ 75 ਤੋਂ 80 ਫ਼ੀਸਦੀ ਹਿੱਸਾ ਕਿਸਾਨਾਂ ਨੂੰ ਅਦਾ ਕਰਦੀ ਹੈ। ਕੰਪਨੀ ਦਿੱਲੀ-ਐੱਨਸੀਆਰ ਵਿੱਚ ਆਪਣੇ ਵਿਕਰੀ ਕੇਂਦਰਾਂ, ਆਮ ਦੁਕਾਨਾਂ ਅਤੇ ਆਨਲਾਈਨ ਮੰਚਾਂ ਰਾਹੀਂ ਰੋਜ਼ਾਨਾ ਲਗਪਗ 35 ਲੱਖ ਲਿਟਰ ਦੁੱਧ ਵੇਚਦੀ ਹੈ। ਦੇਸ਼ ਭਰ ਵਿੱਚ ਇਸ ਦੀ ਰੋਜ਼ਾਨਾ ਦੁੱਧ ਵਿਕਰੀ 50 ਲੱਖ ਲਿਟਰ ਤੋਂ ਵੱਧ ਹੈ। ਕੰਪਨੀ ਨੇ ਪਿਛਲੇ ਵਿੱਤੀ ਸਾਲ ਦੌਰਾਨ ਦੁੱਧ ਉਤਪਾਦਾਂ ਅਤੇ ਖਾਣ ਵਾਲੇ ਤੇਲ ਦੀ ਮੰਗ ਵਧਣ ਕਾਰਨ ਆਪਣੇ ਕਾਰੋਬਾਰ ਵਿੱਚ 17 ਫ਼ੀਸਦੀ ਵਾਧਾ ਦਰਜ ਕੀਤਾ ਅਤੇ ਇਸ ਦਾ ਕੁੱਲ ਕਾਰੋਬਾਰ 20,300 ਕਰੋੜ ਰੁਪਏ ਤੱਕ ਪਹੁੰਚ ਗਿਆ।
1974 ਵਿੱਚ ਸ਼ੁਰੂ ਹੋਈ ਮਦਰ ਡੇਅਰੀ ਕੌਮੀ ਡੇਅਰੀ ਵਿਕਾਸ ਬੋਰਡ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਹੈ। ਇਹ ਮਦਰ ਡੇਅਰੀ ਬ੍ਰਾਂਡ ਹੇਠ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਵੇਚਦੀ ਹੈ। ਖਾਣ ਵਾਲਾ ਤੇਲ ਧਾਰਾ ਅਤੇ ਫਲ-ਸਬਜ਼ੀਆਂ ਤੇ ਹੋਰ ਉਤਪਾਦ ਸਫ਼ਲ ਬ੍ਰਾਂਡ ਹੇਠ ਵੇਚੇ ਜਾਂਦੇ ਹਨ। ਕੰਪਨੀ ਦੇ ਦੁੱਧ ਦੀ ਪ੍ਰੋਸੈਸਿੰਗ ਦੇ ਨੌਂ ਅਤੇ ਬਾਗਬਾਨੀ ਉਤਪਾਦਾਂ ਦੀ ਪ੍ਰੋਸੈਸਿੰਗ ਦੇ ਚਾਰ ਪਲਾਂਟ ਹਨ। ਖਾਣ ਵਾਲੇ ਤੇਲ ਦਾ ਕਾਰੋਬਾਰ 16 ਸਹਿਯੋਗੀ ਪਲਾਂਟਾਂ ਰਾਹੀਂ ਚਲਾਇਆ ਜਾਂਦਾ ਹੈ।
ਮਦਰ ਡੇਅਰੀ ਵੱਲੋਂ ਮਈ 2026 ਵਿੱਚ ਕੀਤੇ ਗਏ ਪਿਛਲੇ ਵਾਧੇ ਮਗਰੋਂ ਦਿੱਲੀ-ਐੱਨਸੀਆਰ ਵਿੱਚ ਦੁੱਧ ਦੀ ਕੀਮਤ 58 ਰੁਪਏ ਪ੍ਰਤੀ ਲਿਟਰ ਹੋ ਗਈ ਸੀ, ਜੋ ਪਹਿਲਾਂ 56 ਰੁਪਏ ਸੀ। ਇਸੇ ਤਰ੍ਹਾਂ ਪਾਊਚ ਵਾਲੇ ਫੁੱਲ ਕਰੀਮ ਦੁੱਧ ਦਾ ਭਾਅ 72 ਰੁਪਏ ਪ੍ਰਤੀ ਲਿਟਰ ਸੀ, ਜਦਕਿ ਪਹਿਲਾਂ ਇਹ 70 ਰੁਪਏ ਸੀ।
ਪਾਊਚ ਵਾਲੇ ਟੋਨਡ ਦੁੱਧ ਦੀ ਕੀਮਤ 58 ਤੋਂ ਵਧਾ ਕੇ 60 ਰੁਪਏ ਅਤੇ ਡਬਲ ਟੋਨਡ ਦੁੱਧ ਦੀ ਕੀਮਤ 52 ਤੋਂ ਵਧਾ ਕੇ 54 ਰੁਪਏ ਪ੍ਰਤੀ ਲਿਟਰ ਕੀਤੀ ਗਈ ਸੀ। ਗਾਂ ਦੇ ਦੁੱਧ ਦਾ ਭਾਅ ਵੀ 60 ਤੋਂ ਵਧਾ ਕੇ 62 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਸੀ। ਪ੍ਰੋ ਮਿਲਕ ਦੀ ਕੀਮਤ 70 ਤੋਂ ਵਧਾ ਕੇ 72 ਰੁਪਏ ਪ੍ਰਤੀ ਲਿਟਰ ਕੀਤੀ ਗਈ ਸੀ।
ਕਿਸਾਨਾਂ ਤੋਂ ਦੁੱਧ ਖ਼ਰੀਦਣ ਦੀ ਲਾਗਤ ਵਧੀ
ਕੰਪਨੀ ਨੇ ਮਈ ਵਿੱਚ ਕੀਮਤਾਂ ਵਧਾਉਣ ਪਿੱਛੇ ਕਿਸਾਨਾਂ ਤੋਂ ਦੁੱਧ ਖ਼ਰੀਦਣ ਦੀ ਲਾਗਤ ਵਿੱਚ ਲਗਾਤਾਰ ਵਾਧੇ ਨੂੰ ਕਾਰਨ ਦੱਸਿਆ ਸੀ। ਕੰਪਨੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਕਿਸਾਨਾਂ ਤੋਂ ਦੁੱਧ ਦੀ ਖ਼ਰੀਦ ਕੀਮਤ ਵਿੱਚ ਲਗਪਗ 6 ਫ਼ੀਸਦੀ ਵਾਧਾ ਹੋਇਆ ਸੀ। ਮਦਰ ਡੇਅਰੀ ਆਪਣੀ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ ਲਗਪਗ 75 ਤੋਂ 80 ਫ਼ੀਸਦੀ ਹਿੱਸਾ ਕਿਸਾਨਾਂ ਨੂੰ ਅਦਾ ਕਰਦੀ ਹੈ।
ਮਦਰ ਡੇਅਰੀ ਦਿੱਲੀ-ਐੱਨਸੀਆਰ ਵਿੱਚ ਦੁੱਧ ਦੀਆਂ ਪ੍ਰਮੁੱਖ ਸਪਲਾਇਰ ਕੰਪਨੀਆਂ ਵਿੱਚੋਂ ਇੱਕ ਹੈ।

