New Zealand Tour ’ਤੇ ਸੰਜੈ ਕਰੇਗਾ ਭਾਰਤੀ ਹਾਕੀ ਟੀਮ ਦੀ ਅਗਵਾਈ

New Zealand Tour ’ਤੇ ਸੰਜੈ ਕਰੇਗਾ ਭਾਰਤੀ ਹਾਕੀ ਟੀਮ ਦੀ ਅਗਵਾਈ

ਨਵੀਂ ਦਿੱਲੀ : ਓਲੰਪਿਕ ਕਾਂਸੀ ਤਗ਼ਮਾ ਜੇਤੂ ਸੰਜੈ 15 ਤੋਂ 23 ਨਵੰਬਰ ਤੱਕ ਨਿਊਜ਼ੀਲੈਂਡ ਦੇ ਤਿੰਨ ਮੈਚਾਂ ਦੇ ਦੌਰੇ ’ਤੇ ਨੌਜਵਾਨ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ। ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਹੈ। ਭਾਰਤੀ ਟੀਮ 19, 21 ਤੇ 22 ਨਵੰਬਰ ਨੂੰ ਆਕਲੈਂਡ ਦੇ ਲੌਇਡ ਐਲਸਮੋਰ ਹਾਕੀ ਸਟੇਡੀਅਮ ਵਿੱਚ ਮੇਜ਼ਬਾਨ ਟੀਮ ਨਾਲ ਮੁਕਾਬਲਾ ਕਰੇਗੀ।ਇਹ ਦੌਰਾ 1926 ਵਿੱਚ ਭਾਰਤੀ ਫੌਜ ਦੀ ਹਾਕੀ ਟੀਮ ਦੇ ਇਤਿਹਾਸਕ ਦੌਰੇ ਦੀ ਯਾਦ ਦਿਵਾਉਂਦਾ ਹੈ, ਜਿਸ ਵਿੱਚ ਮਹਾਨ ਮੇਜਰ ਧਿਆਨ ਚੰਦ ਵੀ ਸ਼ਾਮਲ ਸੀ। ਇਹ ਟੀਮ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਕਿਸੇ ਵੀ ਖੇਡ ਦੀ ਪਹਿਲੀ ਭਾਰਤੀ ਟੀਮ ਬਣੀ ਸੀ। ਹਾਕੀ ਇੰਡੀਆ ਵੱਲੋਂ ਸੋਮਵਾਰ ਨੂੰ ਐਲਾਨੀ ਗਈ 20 ਮੈਂਬਰੀ ਟੀਮ ਵਿੱਚ ਉੱਭਰ ਰਹੇ ਅੰਡਰ-21 ਖਿਡਾਰੀਆਂ ਅਤੇ ਮੌਜੂਦਾ ਇੰਡੀਆ ‘ਏ’ ਕੋਰ ਦੇ ਮੈਂਬਰਾਂ ਦਾ ਸੁਮੇਲ ਸ਼ਾਮਲ ਹੈ, ਜੋ ਨੌਜਵਾਨ ਪ੍ਰਤਿਭਾਵਾਂ ਨੂੰ ਕੌਮਾਂਤਰੀ ਤਜਰਬਾ ਹਾਸਲ ਕਰਨ ਦਾ ਮੌਕਾ ਮੁਹੱਈਆ ਕਰੇਗਾ।

ਮੁੱਖ ਕੋਚ ਕਰੈਗ ਫੁਲਟਨ ਨੇ ਕਿਹਾ ਕਿ ਇਹ ਮੈਚ ਸਹਾਇਕ ਸਟਾਫ ਨੂੰ ਘਰੇਲੂ ਹਾਲਾਤ ਵਿੱਚ ਮਜ਼ਬੂਤ ​​ਵਿਰੋਧੀ ਵਿਰੁੱਧ ਉੱਭਰ ਰਹੇ ਖਿਡਾਰੀਆਂ ਦਾ ਮੁਲਾਂਕਣ ਕਰਨ ਵਿੱਚ ਵੀ ਮਦਦ ਕਰਨਗੇ। ਫੁਲਟਨ ਨੇ ਕਿਹਾ, ‘‘ਇਹ ਟੀਮ ਕੁਝ ਆਉਣ ਵਾਲੇ ਅੰਡਰ-21 ਖਿਡਾਰੀਆਂ ਅਤੇ ਮੌਜੂਦਾ ਇੰਡੀਆ ‘ਏ’ ਗਰੁੱਪ ਦੇ ਕੋਰ ਦਾ ਸੁਮੇਲ ਹੈ। ਇਹ ਮੈਚ ਸਹੀ ਸਮੇਂ ’ਤੇ ਆਏ ਹਨ ਤਾਂ ਜੋ ਘਰੇਲੂ ਮੈਦਾਨ ’ਤੇ ਖੇਡ ਰਹੀ ਮਜ਼ਬੂਤ ​​ਨਿਊਜ਼ੀਲੈਂਡ ਟੀਮ ਖ਼ਿਲਾਫ਼ ਤਿੰਨ ਮੈਚਾਂ ਵਿੱਚ ਟੀਮ ਨੂੰ ਪਰਖਿਆ ਜਾ ਸਕੇ।’’ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਇਹ ਦੌਰਾ ਖੇਡ ਦੋਸਤੀ ਦੀ ਇੱਕ ਸਦੀ ਦਾ ਜਸ਼ਨ ਮਨਾਏਗਾ ਅਤੇ ਨਾਲ ਹੀ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਵੇਗਾ। ਟੀਮ ਵਿੱਚ ਗੋਲਕੀਪਰ ਮੋਹਿਤ ਐੱਚ ਐੱਸ ਅਤੇ ਪਵਨ ਸ਼ਾਮਲ ਹਨ, ਜਦੋਂ ਕਿ ਡਿਫੈਂਸ ਲਾਈਨ ਦੀ ਕਮਾਨ ਕਪਤਾਨ ਸੰਜੈ ਦੇ ਨਾਲ-ਨਾਲ ਨੀਲਮ ਸੰਜੀਪ ਜ਼ੈਸ, ਸ਼ਾਰਦਾ ਨੰਦ ਤਿਵਾੜੀ, ਤਾਲੇਮ ਪ੍ਰਿਓਬਰਤਾ, ਅਨਮੋਲ ਏਕੜ ਅਤੇ ਯਸ਼ਦੀਪ ਸਿਵਾਚ ਸੰਭਾਲਣਗੇ।

Share: