ਚੰਡੀਗਡ਼੍ਹ : ਦੀਵਾਲੀ ਦੇ ਤਿਓਹਾਰ ਮੌਕੇ ਪੰਜਾਬ ਵਿੱਚ ਦਿਨ ਵੇਲੇ ਪਰਾਲੀ ਨੂੰ ਅੱਗਾਂ ਲਾਉਣ ਕਾਰਨ ਖੇਤ ਧੂੰਆਂ-ਧੂੰਆਂ ਹੋਏ ਜਦੋਂ ਕਿ ਰਾਤ ਸਮੇਂ ਪਟਾਕਿਆਂ ਦਾ ਧੂੰਆਂ ਅਸਮਾਨੀ ਚੜ੍ਹਿਆ। ਦੀਵਾਲੀ ਵਾਲੇ ਦਿਨ-ਰਾਤ ਨੇ ਪੰਜਾਬ ਦੀ ਹਵਾ ਜ਼ਹਿਰੀਲਾ ਕਰ ਦਿੱਤੀ। 15 ਸਤੰਬਰ ਤੋਂ ਬਾਅਦ ਦੀਵਾਲੀ ਵਾਲਾ ਦਿਨ ਇਕੱਲਾ ਅਜਿਹਾ ਦਿਨ ਸੀ ਜਦੋਂ ਖੇਤਾਂ ’ਚ ਪਰਾਲੀ ਸਾੜਨ ਦੇ ਰਿਕਾਰਡ 1152 ਮਾਮਲੇ ਸਾਹਮਣੇ ਆਏ। 7 ਨਵੰਬਰ ਨੂੰ ਸਿਰਫ਼ 163 ਕੇਸ ਰਿਪੋਰਟ ਹੋਏ ਸਨ ਜੋ ਦੀਵਾਲੀ ਵਾਲੇ ਦਿਨ ਵਧ ਕੇ ਇਕਦਮ 1152 ਹੋ ਗਏ। ਇਸ ਤੋਂ ਪਹਿਲਾਂ ਮੌਜੂਦਾ ਫ਼ਸਲੀ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 584 ਕੇਸ 3 ਨਵੰਬਰ ਨੂੰ ਸਾਹਮਣੇ ਆਏ ਸਨ। ਦੂਜੇ ਪਾਸੇ, ਦੀਵਾਲੀ ਵਾਲੀ ਰਾਤ ਐਤਕੀਂ ਤੈਅ ਸਮੇਂ ਤੋਂ ਬਾਅਦ ਵੀ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰ ਕੇ ਪਟਾਕਿਆਂ ਦੇ ਸ਼ੋਰ ਨੂੰ ਠੱਲ੍ਹਣ ਤੋਂ ਪੁਲੀਸ ਨੇ ਵੀ ਪਾਸਾ ਵੱਟੀ ਰੱਖਿਆ। ਪਟਾਕੇ ਵੇਚਣ ਲਈ ਲਾਇਸੈਂਸ ਦੇਣ ’ਚ ਵੀ ਕਈ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਖੁੱਲ੍ਹਦਿਲੀ ਦਿਖਾਈ। ਮਿਲੀ ਜਾਣਕਾਰੀ ਅਨੁਸਾਰ ਪਟਾਕਿਆਂ ਦੀ ਵਿਕਰੀ ਪਿਛਲੇ ਸਾਲਾਂ ਨਾਲੋਂ ਐਤਕੀਂ ਵੱਧ ਰਹੀ ਹੈ।ਇਹੋ ਕਾਰਨ ਹੈ ਕਿ ਪੰਜਾਬ ਦੇ ਸ਼ਹਿਰਾਂ ਦੇ ਅੰਦਰੂਨੀ ਹਿੱਸੇ ਧੂੰਆਂ-ਧੂੰਆਂ ਹੋਏ ਰਹੇ। ਮੰਡੀ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ ਦਾ ਇੰਡੈਕਸ 445 ਤੱਕ ਪਹੁੰਚ ਗਿਆ ਸੀ ਜੋ ਅੱਜ ਮੁੜ 362 ’ਤੇ ਆ ਗਿਆ। ਦੀਵਾਲੀ ਮੌਕੇ ਮੰਡੀ ਗੋਬਿੰਦਗੜ੍ਹ ‘ਗੰਭੀਰ ਸ਼੍ਰੇਣੀ’ ਵਿੱਚ ਰਿਹਾ। ਪੰਜਾਬ ਦੇ ਵੱਡੇ ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ਦਾ ਇੰਡੈਕਸ ਆਮ ਨਾਲੋਂ ਜ਼ਿਆਦਾ ਖਰਾਬ ਰਿਹਾ। ਦੀਵਾਲੀ ਵਾਲੀ ਰਾਤ ਹਵਾ ਦੀ ਗੁਣਵੱਤਾ ਦਾ ਇੰਡੈਕਸ ਜਲੰਧਰ ’ਚ 336, ਲੁਧਿਆਣਾ ’ਚ 292 ਅਤੇ ਪਟਿਆਲਾ ਵਿੱਚ 221 ਰਿਹਾ। ਹਵਾ ਦੇ ਵਿਗਾੜ ਕਾਰਨ ਦਮੇ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ ਜਦੋਂ ਕਿ ਅੱਖਾਂ ਅਤੇ ਨੱਕ ਦੀ ਐਲਰਜੀ ਦੇ ਮਾਮਲੇ ਵੀ ਵਧੇ। ਦੀਵਾਲੀ ਮੌਕੇ ਕਿਸਾਨਾਂ ਨੇ ਵੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਨਹੀਂ ਕੀਤਾ ਬਲਕਿ ਬਾਕੀ ਦਿਨਾਂ ਨਾਲੋਂ ਵੱਧ ਪਰਾਲੀ ਸਾੜੀ। ਪੰਜਾਬ ’ਚ ਪਰਾਲੀ ਸਾੜਨ ਦੇ ਕੇਸਾਂ ਦਾ ਅੰਕੜਾ ਹੁਣ ਤੱਕ 4459 ਹੋ ਗਿਆ ਹੈ। ਜ਼ਿਲ੍ਹਾ ਤਰਨ ਤਾਰਨ ’ਚ ਹੁਣ ਤੱਕ ਸਭ ਤੋਂ ਵੱਧ 654 ਕੇਸ ਰਿਪੋਰਟ ਹੋਏ ਹਨ ਜਦੋਂ ਕਿ ਦੂਜੇ ਨੰਬਰ ’ਤੇ ਫਿਰੋਜ਼ਪੁਰ ’ਚ 592 ਕੇਸ ਸਾਹਮਣੇ ਆਏ ਹਨ।
Posted inChandigarh
Punjab Air Pollution: ਧੂੰਆਂ-ਧੂੰਆਂ ਪੰਜਾਬ: ਦਿਨੇ ਖੇਤ ਜਲੇ, ਰਾਤ ਨੂੰ ਸ਼ਹਿਰ

