Delhi Air Quality: ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ਲਈ ਵਾਹਨਾਂ ਦਾ ਧੂੰਆਂ ਸਭ ਤੋਂ ਵੱਧ ਜ਼ਿੰਮੇਵਾਰ: ਸੁਪਰੀਮ ਕੋਰਟ

Delhi Air Quality: ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ਲਈ ਵਾਹਨਾਂ ਦਾ ਧੂੰਆਂ ਸਭ ਤੋਂ ਵੱਧ ਜ਼ਿੰਮੇਵਾਰ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ-ਐੱਨਸੀਆਰ (National Capital Region) ਵਿੱਚ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਨੂੰ ਹਵਾ ਦੇ ਪ੍ਰਦੂਸ਼ਣ ਲਈ ਮੁੱਖ ਜ਼ਿੰਮੇਵਾਰ ਦੱਸਿਆ ਹੈ। ਅਦਾਲਤ ਨੇ ਕਿਹਾ ਕਿ ਹਵਾ ਗੁਣਵੱਤਾ ਸੂਚਕਾਂਕ (AQI) ਦੇ ਵਿਗੜ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਤੁਰੰਤ, ਮੱਧਮ ਅਤੇ ਲੰਮੇ ਸਮੇਂ ਦੇ ਉਪਾਅ ਕਰਨ ਦੀ ਸਖ਼ਤ ਲੋੜ ਹੈ। ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਵਾਲੇ ਢਾਂਚੇ ਬਾਰੇ ਸੂਓ ਮੋਟੂ (ਸਵੈ-ਸੰਜਾਨ) ਮਾਮਲੇ ਦੀ ਸੁਣਵਾਈ ਕਰਦਿਆਂ, ਭਾਰਤ ਦੇ ਮੁੱਖ ਜੱਜ (CJI) ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਦਿੱਲੀ-ਐੱਨਸੀਆਰ ਵਿੱਚ “ਬੰਪਰ-ਟੂ-ਬੰਪਰ” ਲੱਗਦੇ ਭਾਰੀ ਟਰੈਫਿਕ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਮੁੱਖ ਜੱਜ ਨੇ ਕਿਹਾ, “ਅਸੀਂ ਗੱਲਾਂ ਕਰਦੇ ਰਹਿੰਦੇ ਹਾਂ, ਕਈ ਵਾਰ ਬਿਆਨ ਅਤੇ ਸੁਝਾਅ ਦਿੰਦੇ ਹਾਂ, ਪਰ ਅਸਲ ਗੱਲ ਇਹ ਹੈ ਕਿ ਏਕਿਊਆਈ ਪਹਿਲਾਂ ਹੀ 400 ਦੇ ਨੇੜੇ ਪਹੁੰਚ ਚੁੱਕਾ ਹੈ।”

ਬੈਂਚ ਨੇ ਦਿੱਲੀ ਨੂੰ ਗਾਜ਼ੀਆਬਾਦ, ਗ੍ਰੇਟਰ ਨੋਇਡਾ, ਗੁਰੂਗ੍ਰਾਮ ਅਤੇ ਫਰੀਦਾਬਾਦ ਵਰਗੇ ਗੁਆਂਢੀ ਇਲਾਕਿਆਂ ਨਾਲ ਜੋੜਨ ਵਾਲੀਆਂ ਸੜਕਾਂ ’ਤੇ ਵਾਹਨਾਂ ਦੀ ਲਗਾਤਾਰ ਵਧ ਰਹੀ ਗਿਣਤੀ ਵੱਲ ਧਿਆਨ ਦਿਵਾਉਂਦਿਆਂ ਕਿਹਾ, “ਦਿੱਲੀ ਦੀਆਂ ਸੜਕਾਂ ਅਤੇ ਐੱਨਸੀਆਰ ਨਾਲ ਜੋੜਨ ਵਾਲੇ ਮਾਰਗਾਂ ’ਤੇ ਚੱਲਣ ਵਾਲੇ ਵਾਹਨਾਂ ਵੱਲ ਦੇਖੋ, ਇਹੀ ਸਭ ਤੋਂ ਵੱਡੀ ਸਮੱਸਿਆ ਹੈ।”

ਅਦਾਲਤ ਨੇ ਕਿਹਾ ਕਿ ਗ਼ਰੀਬ ਲੋਕ ਇਸ ਦੀ ਸਭ ਤੋਂ ਵੱਡੀ ਮਾਰ ਝੱਲਦੇ ਹਨ ਕਿਉਂਕਿ ਉਹ ਸੜਕਾਂ ’ਤੇ ਹੁੰਦੇ ਹਨ ਅਤੇ ਤਿਉਹਾਰਾਂ ਦਾ ਸਮਾਂ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਕਮਾਉਣ ਦਾ ਮੁੱਖ ਸਮਾਂ ਹੁੰਦਾ ਹੈ।

ਪਰਾਲੀ ਸਾੜਨ ਦੇ ਮੁੱਦੇ ’ਤੇ ਬੈਂਚ ਨੇ ਕਿਸਾਨਾਂ ਨੂੰ ਖੇਤਾਂ ’ਚ ਅੱਗ ਲਾਉਣ ਦੀ ਬਜਾਏ ਮਸ਼ੀਨਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਏਕਿਊਆਈ ਇੱਕ ਖ਼ਾਸ ਪੱਧਰ ਤੋਂ ਉੱਪਰ ਜਾਣ ’ਤੇ ਸਾਰੇ ਸਕੂਲ ਬੰਦ ਕਰਨ ਜਾਂ ਹਾਈਬ੍ਰਿਡ ਮੋਡ (ਆਨਲਾਈਨ/ਆਫ਼ਲਾਈਨ) ਵਿੱਚ ਚਲਾਉਣ ਦੀ ਪਟੀਸ਼ਨ ’ਤੇ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਮਾਹਰਾਂ ਦੀ ਰਾਏ ਅਨੁਸਾਰ ਹੀ ਫ਼ੈਸਲਾ ਲੈਣਗੇ।

ਕੇਂਦਰ ਅਤੇ ਹੋਰ ਅਥਾਰਟੀਆਂ ਵੱਲੋਂ ਪੇਸ਼ ਹੋਏ ਐਡੀਸ਼ਨਲ ਸੋਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਪੰਜ ਮੁੱਖ ਖੇਤਰਾਂ—ਉਦਯੋਗਿਕ ਧੂੰਆਂ, ਵਾਹਨਾਂ ਦਾ ਪ੍ਰਦੂਸ਼ਣ, ਉਸਾਰੀ ਤੇ ਢਾਹੁਣ ਦੀ ਧੂੜ, ਸੜਕ ਦੀ ਧੂੜ ਅਤੇ ਪਰਾਲੀ ਸਾੜਨਾ—ਬਾਰੇ ਨਿਯਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਵਾਹਨਾਂ ਦੇ ਦਾਖ਼ਲੇ ’ਤੇ ਰੋਕ, ਪ੍ਰਦੂਸ਼ਣ ਸਰਟੀਫਿਕੇਟਾਂ (PUC) ਦੀ ਜੀਓ-ਟੈਗਿੰਗ ਅਤੇ ਸ਼ਿਕਾਇਤਾਂ ਦੇ ਆਧਾਰ ’ਤੇ ਵਾਹਨਾਂ ਵਿਰੁੱਧ ਕਾਰਵਾਈ ਵਰਗੇ ਕਈ ਕਦਮ ਚੁੱਕੇ ਗਏ ਹਨ।

ਭਾਟੀ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ 14 ਫ਼ੀਸਦੀ ਸੀ। ਬੈਂਚ ਨੇ ਕਿਹਾ ਕਿ ਉਹ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ 16 ਨਵੰਬਰ ਨੂੰ ਅਦਾਲਤ ਖੁੱਲ੍ਹਣ ’ਤੇ ਕੁਝ ਜ਼ਰੂਰੀ ਹੁਕਮ ਜਾਰੀ ਕਰੇਗਾ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਧੁੰਦ ਦੀ ਮੋਟੀ ਪਰਤ ਛਾਈ ਰਹੀ ਅਤੇ ਕੁੱਲ ਏਕਿਊਆਈ 391 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਦੇ ਬਹੁਤ ਨੇੜੇ ਹੈ। ਸ਼ਹਿਰ ਦੇ 59 ਨਿਗਰਾਨੀ ਕੇਂਦਰਾਂ ਵਿੱਚੋਂ 30 ਨੇ ਸਵੇਰੇ 9 ਵਜੇ ਹਵਾ ਦੀ ਗੁਣਵੱਤਾ ‘ਗੰਭੀਰ’ ਦਰਜ ਕੀਤੀ, ਜਦੋਂ ਕਿ ਬਾਕੀ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਸਨ। ਸਰਕਾਰੀ ਅੰਕੜਿਆਂ ਅਨੁਸਾਰ ਰੋਹਿਣੀ ਵਿੱਚ ਸਭ ਤੋਂ ਵੱਧ 475 ਏਕਿਊਆਈ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਆਈਆਈਟੀ ਦਿੱਲੀ ਵਿੱਚ 472 ਰਿਹਾ।

Share: