Rajpura Train Fire: ਰਾਜਪੁਰਾ ਨੇੜੇ ਚੱਲਦੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ

Rajpura Train Fire: ਰਾਜਪੁਰਾ ਨੇੜੇ ਚੱਲਦੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ

ਰਾਜਪੁਰਾ : ਰਾਜਪੁਰਾ-ਸਰਹਿੰਦ ਰੇਲਵੇ ਸੈਕਸ਼ਨ ’ਤੇ ਪਿੰਡ ਸਰਾਏ ਬੰਜਾਰਾ ਨੇੜੇ ਅੱਜ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਸਵਾਰੀਆਂ ਨਾਲ ਖਚਾਖਚ ਭਰੀ ਇੱਕ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਅਚਾਨਕ ਅੱਗ ਲੱਗ ਗਈ। ਰੇਲਵੇ ਸਟਾਫ਼ ਦੀ ਸਮੇਂ ਸਿਰ ਦਿਖਾਈ ਗਈ ਮੁਸਤੈਦੀ ਅਤੇ ਸੂਝ-ਬੂਝ ਕਾਰਨ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਾਜਪੁਰਾ ਮਨਜੀਤ ਸਿੰਘ, ਐੱਸਐੱਚਓ ਸਦਰ ਕਿਰਪਾਲ ਸਿੰਘ ਮੋਹੀ ਅਤੇ ਪੁਲੀਸ ਦੀਆਂ ਹੋਰ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜਾਂ ਵਿੱਚ ਜੁੱਟ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਵਾਲੀ ਰੇਲਗੱਡੀ ਦਾ ਨਾਂ ਕਰਮਭੂਮੀ ਐਕਸਪ੍ਰੈੱਸ ਹੈ, ਜਿਸ ਦਾ ਨੰਬਰ 12507 ਹੈ। ਇਹ ਰੇਲਗੱਡੀ ਨਿਊ ਜਲਪਾਈਗੁੜੀ (ਉੱਤਰ ਪ੍ਰਦੇਸ਼) ਤੋਂ ਚੱਲਦੀ ਹੈ ਜੋ ਕਿ ਅੱਜ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਜਾ ਰਹੀ ਸੀ। ਇਸ ਦਾ ਅੰਬਾਲਾ ਵਿਖੇ ਸਟਾਪੇਜ ਹੈ, ਜਦੋਂਕਿ ਰਾਜਪੁਰਾ ਵਿਖੇ ਇਸ ਦਾ ਕੋਈ ਠਹਿਰਾਅ ਨਹੀਂ ਹੈ। ਇਸ ਸਬੰਧੀ ਬਸੰਤਪੁਰਾ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਪੁਲੀਸ ਫੋਰਸ ਸਮੇਤ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਰੇਲਵੇ ਸਟਾਫ਼ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗ ਗਿਆ ਸੀ ਅਤੇ ਅਨਾਊਂਸਮੈਂਟ ਕਰਵਾ ਕੇ ਯਾਤਰੀਆਂ ਨੂੰ ਤੁਰੰਤ ਡੱਬਿਆਂ ਵਿੱਚੋਂ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਹਾਦਸਾ ਟਲ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡੱਬਿਆਂ ਦੇ ਵਿਚਕਾਰ ਬਣੇ ਪੈਂਟਰੀ ਕੋਚ ਵਿੱਚੋਂ ਅੱਗ ਦੀ ਸ਼ੁਰੂਆਤ ਹੋਈ ਹੋ ਸਕਦੀ ਹੈ। ਖ਼ਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਸਨ ਅਤੇ ਰੇਲਵੇ ਤੇ ਪੁਲੀਸ ਅਧਿਕਾਰੀ ਘਟਨਾ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਸਨ।

Share: