Delhi ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਤੇ ਬਾਦਲ ਪਰਿਵਾਰ ਹੋਣਗੇ ਆਹਮੋ-ਸਾਹਮਣੇ

Delhi ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਤੇ ਬਾਦਲ ਪਰਿਵਾਰ ਹੋਣਗੇ ਆਹਮੋ-ਸਾਹਮਣੇ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਦੇ ਵਿਆਹ ਦੇ ਰਿਸੈਪਸ਼ਨ ਸਮਾਗਮ ਵਿੱਚ ਅੱਜ ਰਾਤ ਨਵੀਂ ਦਿੱਲੀ ਵਿਖੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਪਹੁੰਚਣ ਦੀ ਉਮੀਦ ਹੈ। ਇਹ ਹਾਈ-ਪ੍ਰੋਫਾਈਲ ਸਮਾਗਮ ਅੱਜ ਰਾਤ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੇ ਪਰਿਵਾਰਕ ਘਰ ਵਿੱਚ ਰੱਖਿਆ ਗਿਆ ਹੈ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਨ ਦਾ ਵਿਆਹ 2017 ਵਿੱਚ ਕਾਂਗਰਸ ਦੇ ਦਿੱਗਜ ਆਗੂ ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ ਸੀ। ਅੱਜ ਮਨਪ੍ਰੀਤ ਬਾਦਲ ਦੀ ਧੀ ਰਿਆ ਦਾ ਵਿਆਹ ਦਿੱਲੀ ਵਿੱਚ ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਹੋ ਰਿਹਾ ਹੈ। ਸ਼ਾਮ ਦੇ ਵਿਆਹ ਸਮਾਗਮ ਤੋਂ ਬਾਅਦ ਲੁਟੀਅਨਜ਼ ਦਿੱਲੀ ਸਥਿਤ ਜੈ ਇੰਦਰ ਕੌਰ ਦੇ ਘਰ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ।

ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕਦੇ ਐੱਨ.ਡੀ.ਏ. (NDA) ਦੇ ਭਾਈਵਾਲ ਰਹੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਇੱਕ ਨਿੱਜੀ ਸਮਾਜਿਕ ਸਮਾਗਮ ਵਿੱਚ ਇਹ ਪਹਿਲਾ ਇਕੱਠ ਹੋਵੇਗਾ, ਜਿਸ ‘ਤੇ ਸਭ ਦੀਆਂ ਤਿੱਖੀਆਂ ਨਜ਼ਰਾਂ ਰਹਿਣਗੀਆਂ।

ਇਹ ਸਮਾਗਮ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਵਾਂ ਧਿਰਾਂ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਹਨ। ਅਮਿਤ ਸ਼ਾਹ ਨੇ ਵੀ ਪਿਛਲੇ ਦਸ ਦਿਨਾਂ ਵਿੱਚ ਦੋ ਵਾਰ—ਪਹਿਲਾਂ 24 ਅਕਤੂਬਰ ਨੂੰ ਦਿੱਲੀ ਵਿੱਚ ਅਤੇ ਫਿਰ 1 ਨਵੰਬਰ ਨੂੰ ਚੰਡੀਗੜ੍ਹ ਵਿੱਚ—ਪੰਜਾਬ ਵਿੱਚ ਐੱਨ.ਡੀ.ਏ. ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ।

Share: