ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਸਥਿਤ ਸਰਕਾਰੀ ਸਕੂਲ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਵੱਲੋਂ ਛੇ ਸਾਲਾ ਬੱਚੀ ’ਤੇ ਹਮਲੇ ਦੇ ਮਾਮਲੇ ਵਿੱਚ ਪੀੜਤ ਬੱਚੀ ਦੇ ਚਾਚੇ ਨੇ ਦਾਅਵਾ ਕੀਤਾ ਹੈ ਕਿ ਹਮਲਾ ਕਰਨ ਵਾਲਾ ਲੜਕਾ ਆਨਲਾੲਂੀਨ ਹਿੰਸਕ ਗੇਮਜ਼ ਖੇਡਦਾ ਸੀ। ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਡਾਕਟਰ ਉਸ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਘਟਨਾ ਬਾਰੇ ਗੱਲ ਕਰਦਿਆਂ ਪੀੜਤ ਬੱਚੀ ਦੇ ਚਾਚੇ ਫ਼ਾਜ਼ਿਲ ਨੇ ਕਿਹਾ ਕਿ ਲੜਕਾ ਕਥਿਤ ਤੌਰ ’ਤੇ ਹਿੰਸਕ ਗੇਮਜ਼ ਖੇਡਣ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ ਲੜਕੇ ਦੇ ਪਿਤਾ ਨੇ ਵੀ ਉਸ ਵੱਲੋਂ ਅਜਿਹੀਆਂ ਖੇਡਾਂ ਖੇਡਣ ਦੀ ਗੱਲ ਮੰਨੀ ਹੈ। ਫ਼ਾਜ਼ਿਲ ਨੇ ਕਿਹਾ, ‘‘ਜਿਸ ਬੱਚੇ ਨੇ ਇਹ ਹਰਕਤ ਕੀਤੀ, ਉਸ ਬਾਰੇ ਪਤਾ ਲੱਗਿਆ ਹੈ ਕਿ ਉਹ ਇਕ ਖ਼ਾਸ ਕਿਸਮ ਦੀਆਂ ਗੇਮਜ਼ ਖੇਡਦਾ ਸੀ, ਜਿਨ੍ਹਾਂ ਵਿੱਚ ਹਿੰਸਾ ਦਿਖਾਈ ਜਾਂਦੀ ਹੈ। ਉਹ ਪਬਜੀ ਖੇਡਦਾ ਸੀ। ਹੁਣ ਉਸ ਦੇ ਪਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਪਬਜੀ ਅਤੇ ਇਸ ਤਰ੍ਹਾਂ ਦੀਆਂ ਹੋਰ ਗੇਮਜ਼ ਖੇਡਦਾ ਸੀ। ਇਨ੍ਹਾਂ ਗੇਮਜ਼ ਕਾਰਨ ਹੀ ਉਸ ਨੇ ਅਜਿਹੀਆਂ ਹਰਕਤਾਂ ਕੀਤੀਆਂ।’’
ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੜਕੇ ਨੇ ਪਹਿਲਾਂ ਪੀੜਤ ਬੱਚੀ ਨੂੰ ‘ਪਾਗਲ’ ਕਿਹਾ ਸੀ। ਜਦੋਂ ਬੱਚੀ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਉਹ ਉਸ ਵੱਲੋਂ ਅਜਿਹਾ ਕਹਿਣ ਦੀ ਸ਼ਿਕਾਇਤ ਕਰੇਗੀ ਤਾਂ ਲੜਕੇ ਨੇ ਕਥਿਤ ਤੌਰ ’ਤੇ ਉਸ ਨੂੰ ਕਿਹਾ ਕਿ ਉਸ ਦਾ ਪਿਤਾ ਉੱਪਰਲੀ ਮੰਜ਼ਿਲ ’ਤੇ ਹੈ ਅਤੇ ਉਹ ਉਸ ਨਾਲ ਉਥੇ ਚੱਲੇ।
ਪੀੜਤ ਬੱਚੀ ਦੀ ਸਿਹਤ ਬਾਰੇ ਫ਼ਾਜ਼ਿਲ ਨੇ ਦੱਸਿਆ ਕਿ ਹੁਣ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਪਿਛਲੇ ਦੋ ਤੋਂ ਤਿੰਨ ਦਿਨਾਂ ਤੋਂ ਉਸ ਦਾ ਚੰਗੀ ਤਰ੍ਹਾਂ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਉਸ ਦੀ ਸਿਹਤ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਉਸ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸਕੂਲ ਖ਼ਿਲਾਫ਼ ਇਕ ਐੱਫਆਈਆਰ ਦਰਜ ਕਰਵਾਈ ਗਈ ਹੈ, ਜਦਕਿ ਦੂਜੀ ਐੱਫਆਈਆਰ ਲੜਕੇ ਖ਼ਿਲਾਫ਼ ਦਰਜ ਕੀਤੀ ਗਈ ਹੈ।
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਪੰਚਕੂਲਾ ਦੇ ਇਕ ਸਰਕਾਰੀ ਸਕੂਲ ਦੇ ਅਹਾਤੇ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਵੱਲੋਂ ਛੇ ਸਾਲਾ ਬੱਚੀ ’ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।
ਦੋ ਜੇਬੀਟੀ ਅਧਿਆਪਕ ਮੁਅੱਤਲ, ਬਾਲ ਅਧਿਕਾਰ ਕਮਿਸ਼ਨ ਨੇ ਵੀ ਲਿਆ ਨੋਟਿਸ
ਇਸ ਮਾਮਲੇ ਵਿੱਚ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਜੂਨੀਅਰ ਬੇਸਿਕ ਟ੍ਰੇਨਿੰਗ (ਜੇਬੀਟੀ) ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੀਆਂ ਅਧਿਆਪਕਾਵਾਂ ਦੀ ਪਛਾਣ ਸਿਮਰਨਜੀਤ ਕੌਰ ਅਤੇ ਪੂਜਾ ਰਾਣੀ ਵਜੋਂ ਹੋਈ ਹੈ।
ਇਸੇ ਦੌਰਾਨ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਇਸ ਘਟਨਾ ਦਾ ਆਪਣੇ ਆਪ ਨੋਟਿਸ ਲਿਆ ਹੈ। ਕਮਿਸ਼ਨ ਨੇ ਪੰਚਕੂਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਪੂਰੀ ਅਤੇ ਤੱਥਾਂ ’ਤੇ ਆਧਾਰਿਤ ਰਿਪੋਰਟ ਪੇਸ਼ ਕਰਨ। ਰਿਪੋਰਟ ਵਿੱਚ ਕਾਰਵਾਈ ਦੇ ਸਾਰੇ ਵੇਰਵੇ ਵੱਖ-ਵੱਖ ਨੁਕਤਿਆਂ ਅਨੁਸਾਰ ਦੇਣ ਲਈ ਕਿਹਾ ਗਿਆ ਹੈ।
ਸਕੂਲ ਦੀ ਸੁਰੱਖਿਆ ਪ੍ਰਬੰਧਾਂ ’ਤੇ ਪਰਿਵਾਰ ਨੇ ਚੁੱਕੇ ਸਵਾਲ
ਪੀੜਤ ਬੱਚੀ ਦੇ ਪਰਿਵਾਰ ਨੇ ਸਕੂਲ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਪਰਿਵਾਰ ਦਾ ਦਾਅਵਾ ਹੈ ਕਿ ਤੀਜੀ ਜਮਾਤ ਦੇ ਵਿਦਿਆਰਥੀ ਨੇ ਖ਼ੁਦ ਉਨ੍ਹਾਂ ਨੂੰ ਉਸ ਥਾਂ ’ਤੇ ਲਿਜਾ ਕੇ ਜ਼ਖ਼ਮੀ ਅਤੇ ਬੇਹੋਸ਼ ਪਈ ਬੱਚੀ ਬਾਰੇ ਦੱਸਿਆ ਸੀ।
ਪਰਿਵਾਰ ਨੇ ਸਵਾਲ ਕੀਤਾ ਕਿ ਜਦੋਂ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਪ੍ਰਿੰਸੀਪਲ ਦੇ ਦਫ਼ਤਰ ਵਿੱਚੋਂ ਕੀਤੀ ਜਾਂਦੀ ਹੈ ਤਾਂ ਫਿਰ ਇਹ ਕਥਿਤ ਘਟਨਾ ਕਿਸੇ ਦੀ ਨਜ਼ਰ ਵਿੱਚ ਕਿਉਂ ਨਹੀਂ ਆਈ। ਉਨ੍ਹਾਂ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ।

