‘ਸਿੱਖ ਕਦੇ ਵੀ ਅਜਿਹੀ ਧੱਕੇਸ਼ਾਹੀ ਨਹੀਂ ਭੁੱਲਣਗੇ’: ਮਾਨਸਾ ’ਚ ਸਿੱਖਾਂ ਦੀਆਂ ਦਸਤਾਰਾਂ ਤੇ ਕਕਾਰਾਂ ਦੀ ਬੇਅਦਬੀ ’ਤੇ ਭੜਕੇ ਜਥੇਦਾਰ ਗੜਗੱਜ

‘ਸਿੱਖ ਕਦੇ ਵੀ ਅਜਿਹੀ ਧੱਕੇਸ਼ਾਹੀ ਨਹੀਂ ਭੁੱਲਣਗੇ’: ਮਾਨਸਾ ’ਚ ਸਿੱਖਾਂ ਦੀਆਂ ਦਸਤਾਰਾਂ ਤੇ ਕਕਾਰਾਂ ਦੀ ਬੇਅਦਬੀ ’ਤੇ ਭੜਕੇ ਜਥੇਦਾਰ ਗੜਗੱਜ

ਅੰਮ੍ਰਿਤਸਰ : ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਪੰਜਾਬ ਪੁਲੀਸ ਵੱਲੋਂ ਕੀਤੇ ਤਸ਼ੱਦਦ ਅਤੇ ਉਨ੍ਹਾਂ ਦੇ ਕਕਾਰਾਂ ਤੇ ਦਸਤਾਰਾਂ ਦੀ ਕੀਤੀ ਗਈ ਬੇਅਦਬੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੁਲੀਸ ਅਧਿਕਾਰੀਆਂ ਨੇ ਸਿੱਖ ਕਕਾਰਾਂ ਤੇ ਦਸਤਾਰਾਂ ਦਾ ਤਿਰਸਕਾਰ ਕੀਤਾ ਹੈ, ਉਨ੍ਹਾਂ ਵਿਰੁੱਧ ਪੰਜਾਬ ਪੁਲੀਸ ਵੱਲੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਅਤੇ ਸਰਕਾਰ ਇਹ ਗੱਲ ਚੇਤਾ ਰੱਖਣ ਕਿ ਸਿੱਖ ਕਦੇ ਵੀ ਅਜਿਹੀ ਸ਼ਰਮਨਾਕ ਤੇ ਧੱਕੇ ਵਾਲੀ ਕਾਰਵਾਈ ਨੂੰ ਨਹੀਂ ਭੁੱਲਣਗੇ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਇਸ ਨੂੰ ਰੋਕਣਾ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਸੀ, ਪਰ ਮੌਜੂਦਾ ਸਰਕਾਰਾਂ ਇਸ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰੱਖਿਆ ਕਰਨ ਦੀ ਥਾਂ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਉੱਤੇ ਹੀ ਤਸ਼ੱਦਦ ਕਰ ਰਹੀ ਹੈ, ਜਿਸ ਦਾ ਸਮਾਂ ਆਉਣ ਉੱਤੇ ਲੋਕਾਂ ਵੱਲੋਂ ਵਾਜਬ ਜਵਾਬ ਜ਼ਰੂਰ ਦਿੱਤਾ ਜਾਵੇਗਾ। ਜਥੇਦਾਰ ਗੜਗੱਜ ਨੇ ਸਮੂਹ ਪੰਜਾਬੀਆਂ ਅਤੇ ਇਨਸਾਫ਼ ਪਸੰਦ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੂੰ ਮਾਨਸਾ ਵਿਖੇ ਸ਼ਹੀਦ ਪਰਵਿੰਦਰ ਸਿੰਘ ਦੇ ਇਨਸਾਫ਼ ਲਈ ਚੱਲ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਮਾਨਸਾ ਦੇ ਭੰਮੇ ਕਲਾਂ ਪਿੰਡ ਦੇ ਨੌਜਵਾਨ ਦਲਜੀਤ ਸਿੰਘ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਦਲਜੀਤ ਸਿੰਘ ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਹੈ ਅਤੇ ਉਨ੍ਹਾਂ ਨੇ ਨਸ਼ਾ ਵੇਚਣ ਵਾਲੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਰੋਸ ਵਿੱਚ ਇਕੱਠੇ ਹੋਏ ਲੋਕਾਂ ਉੱਤੇ ਪੁਲੀਸ ਨੇ ਅਣਮਨੁੱਖੀ ਵਿਹਾਰ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਅਜਿਹੀ ਕਾਰਵਾਈ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਰਨੀ ਚਾਹੀਦੀ ਹੈ ਅਤੇ ਨਸ਼ੇ ਦੀ ਵਿਕਰੀ ਰੋਕਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਅੰਮ੍ਰਿਤਧਾਰੀ ਸਿੱਖਾਂ ਦੀਆਂ ਦਸਤਾਰਾਂ, ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਦੇਸ਼ ਅੰਦਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਹਰ ਕਿਸੇ ਨੂੰ ਹੈ, ਪਰ ਸਰਕਾਰ ਵੱਲੋਂ ਲੋਕਾਂ ਨਾਲ ਧੱਕਾ ਅਤੇ ਨਾ-ਇਨਸਾਫੀ ਵਾਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਲਈ ਹੁੰਦੀ ਹੈ ਅਤੇ ਸੱਤਾ ਦਾ ਹੰਕਾਰ ਤੇ ਨਸ਼ਾ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ।

Share: