ਪੰਜਾਬ/ਚੰਡੀਗੜ੍ਹ : ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਅਤੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਵਧ ਰਹੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ, ਸਕੂਲੀ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਨਵੀਂ ਸਮਾਂ-ਸਾਰਣੀ 1 ਨਵੰਬਰ ਤੋਂ ਲਾਗੂ ਹੋਵੇਗੀ, ਜਦੋਂ ਕਿ 2 ਨਵੰਬਰ ਤੋਂ ਡਬਲ ਸ਼ਿਫਟ ਵਾਲੇ ਸਰਕਾਰੀ ਸਕੂਲ ਸਵੇਰੇ 7:50 ਵਜੇ ਖੁੱਲ੍ਹਣਗੇ। ਡਬਲ ਸ਼ਿਫਟ ਵਿੱਚ ਸਵੇਰ ਦੀ ਸ਼ਿਫ਼ਟ (ਛੇਵੀਂ ਤੋਂ 12ਵੀਂ ਜਮਾਤ) ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 1:15 ਵਜੇ ਤੱਕ ਹੋਵੇਗਾ। ਦੂਜੇ ਪਾਸੇ ਦੁਪਹਿਰ ਦੀ ਸ਼ਿਫ਼ਟ (ਪਹਿਲੀ ਤੋਂ ਪੰਜਵੀਂ ਜਮਾਤ) ਦੇ ਵਿਦਿਆਰਥੀ ਦੁਪਹਿਰ 12:45 ਵਜੇ ਸਕੂਲ ਪਹੁੰਚਣਗੇ ਅਤੇ ਉਨ੍ਹਾਂ ਦੀ ਛੁੱਟੀ ਸ਼ਾਮ 5:00 ਵਜੇ ਹੋਵੇਗੀ, ਜਦਕਿ ਇਸ ਸ਼ਿਫ਼ਟ ਦਾ ਸਟਾਫ਼ ਸਵੇਰੇ 10:50 ਵਜੇ ਆ ਕੇ ਸ਼ਾਮ 5:10 ਵਜੇ ਛੁੱਟੀ ਕਰੇਗਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸਿੰਗਲ ਸ਼ਿਫਟ ਵਾਲੇ ਸਕੂਲਾਂ ਵਿੱਚ ਵਿਦਿਆਰਥੀ ਸਵੇਰੇ 8:20 ਵਜੇ ਸਕੂਲ ਪਹੁੰਚਣਗੇ ਅਤੇ ਦੁਪਹਿਰ 2:20 ਵਜੇ ਛੁੱਟੀ ਹੋਵੇਗੀ। ਇਹਨਾਂ ਸਕੂਲਾਂ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਸਵੇਰੇ 8:10 ਵਜੇ ਆਵੇਗਾ ਅਤੇ ਦੁਪਹਿਰ 2:30 ਵਜੇ ਛੁੱਟੀ ਹੋਵੇਗੀ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਸੂਬੇ ਦੇ ਸਾਰੇ ਸਰਕਾਰੀ, ਨਿੱਜੀ (Private), ਸਹਾਇਤਾ ਪ੍ਰਾਪਤ (Aided) ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 2 ਨਵੰਬਰ ਤੋਂ ਬਦਲਣ ਦੇ ਹੁਕਮ ਦਿੱਤੇ ਹਨ। ਇਹ ਨਵਾਂ ਸ਼ਡਿਊਲ 28 ਫ਼ਰਵਰੀ ਤੱਕ ਲਾਗੂ ਰਹੇਗਾ ਅਤੇ ਪੰਜਾਬ ਦੇ 19,000 ਤੋਂ ਵੱਧ ਸਕੂਲਾਂ ’ਤੇ ਇੱਕਸਾਰ ਲਾਗੂ ਹੋਵੇਗਾ। ਨਵੇਂ ਹੁਕਮਾਂ ਮੁਤਾਬਕ ਪੰਜਾਬ ਦੇ ਪ੍ਰਾਇਮਰੀ ਸਕੂਲ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲੱਗਣਗੇ, ਜਦਕਿ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9:00 ਵਜੇ ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੌਸਮ ਦੇ ਆਧਾਰ ’ਤੇ ਅਕਾਦਮਿਕ ਸੈਸ਼ਨ ਦੌਰਾਨ ਸਕੂਲਾਂ ਦਾ ਸਮਾਂ ਸਾਲ ਵਿੱਚ ਤਿੰਨ ਵਾਰ ਬਦਲਿਆ ਜਾਂਦਾ ਹੈ। 1 ਅਪਰੈਲ ਤੋਂ 30 ਸਤੰਬਰ ਤੱਕ ਸਕੂਲ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲਦੇ ਹਨ। ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲ ਸਵੇਰੇ 8:30 ਤੋਂ ਦੁਪਹਿਰ 2:30 ਵਜੇ ਤੱਕ ਅਤੇ ਮਿਡਲ/ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਤੋਂ ਦੁਪਹਿਰ 2:50 ਵਜੇ ਤੱਕ ਲੱਗਦੇ ਹਨ। ਹੁਣ 1 ਨਵੰਬਰ ਤੋਂ 28 ਫ਼ਰਵਰੀ ਤੱਕ ਸਰਦੀਆਂ ਦਾ ਸਮਾਂ ਲਾਗੂ ਹੋਣ ਤੋਂ ਬਾਅਦ, 1 ਮਾਰਚ ਤੋਂ ਸਮੇਂ ਵਿੱਚ ਦੁਬਾਰਾ ਸੋਧ ਕੀਤੀ ਜਾਵੇਗੀ।

