ਪੈਸਿਆਂ ਪਿੱਛੇ ਦੋਸਤ ਨੇ ਢਾਬੇ ’ਤੇ ਕੰਮ ਕਰਦੇ ਦੋਸਤ ਨੂੰ ਮਾਰੀ ਗੋਲੀ !

ਧਰਮਕੋਟ : ਜਲਾਲਾਬਾਦ ਪੂਰਬੀ ਪਾਸ ਜਲੰਧਰ-ਮੋਗਾ ਹਾਈਵੇਅ ’ਤੇ ਸਥਿਤ ਕਰਨ ਢਾਬੇ ਵਿੱਚ ਕੰਮ ਕਰਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਤੈਸ਼ ਵਿੱਚ ਆਏ ਮ੍ਰਿਤਕ ਦੇ ਦੋਸਤ ਨੇ ਹੀ ਉਸ ਨੂੰ ਗੋਲੀ ਮਾਰ ਦਿੱਤੀ। ਲੰਘੀ ਦੇਰ ਸ਼ਾਮ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਇਸ ਸਬੰਧੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਅਮਨ ਕੌਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰਨ ਢਾਬੇ ਉੱਤੇ ਕੰਮ ਕਰਦੇ ਸੰਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜਲਾਲਾਬਾਦ ਪੂਰਬੀ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਨੇ ਹਿੰਸਕ ਰੂਪ ਧਾਰਨ ਕਰ ਲਿਆ। ਮ੍ਰਿਤਕ ਦੀ ਮਾਤਾ ਅਮਨ ਕੌਰ ਦੇ ਬਿਆਨਾਂ ਮੁਤਾਬਿਕ ਸੰਦੀਪ ਸਿੰਘ ਨੇ ਮੁਲਜ਼ਮ ਬਿਕਰਮਜੀਤ ਸਿੰਘ ਪਾਸੋਂ ਪੈਸੇ ਲੈਣੇ ਸਨ, ਪਰ ਉਹ ਪੈਸੇ ਮੰਗਣ ਉੱਤੇ ਟਾਲਮਟੋਲ ਕਰਦਾ ਆ ਰਿਹਾ ਸੀ। ਲੰਘੀ ਰਾਤ ਵੀ ਦੋਵਾਂ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਸੀ ਅਤੇ ਬਿਕਰਮਜੀਤ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਉਪਰੋਕਤ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

ਦੂਜੇ ਪਾਸੇ, ਮੌਕੇ ਉੱਤੇ ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰਨ ਪੁੱਜੇ ਹਲਕਾ ਡੀ.ਐੱਸ.ਪੀ. ਸੁਖਵਿੰਦਰ ਸਿੰਘ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਚੱਲੀ ਗੋਲੀ ਨੂੰ ਮਹਿਜ਼ ਇੱਤਫਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਚਾਨਕ ਚੱਲੀ ਗੋਲੀ ਢਾਬੇ ਉੱਤੇ ਕੰਮ ਕਰਦੇ ਸੰਦੀਪ ਸਿੰਘ ਨੂੰ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਪਰ ਮੁੱਢਲੀ ਜਾਂਚ ਵਿੱਚ ਅਚਾਨਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

Share: