ਪੰਜਾਬ ਆਪ ਦੀਆਂ ਜੜ੍ਹਾਂ ਪੁੱਟ ਦੇਵੇਗਾ ਤੇ ਕਾਂਗਰਸ 30 ਸਾਲ ਤੱਕ ਸੱਤਾ ‘ਚ ਨਹੀਂ ਆਵੇਗੀ: ਅਮਿਤ ਸ਼ਾਹ

ਪੰਜਾਬ ਆਪ ਦੀਆਂ ਜੜ੍ਹਾਂ ਪੁੱਟ ਦੇਵੇਗਾ ਤੇ ਕਾਂਗਰਸ 30 ਸਾਲ ਤੱਕ  ਸੱਤਾ ‘ਚ ਨਹੀਂ ਆਵੇਗੀ: ਅਮਿਤ ਸ਼ਾਹ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਭਵਿੱਖਬਾਣੀ ਕੀਤੀ ਕਿ ਕਾਂਗਰਸ ਆਪਣੀ “ਨਕਾਰਾਤਮਕ ਰਾਜਨੀਤੀ” ਕਾਰਨ ਅਗਲੇ 30 ਸਾਲਾਂ ਤੱਕ ਸੱਤਾ ਤੋਂ ਬਾਹਰ ਰਹੇਗੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ ਕਿ ਵੋਟਰ ਪੰਜਾਬ ਵਿੱਚੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਣਗੇ।

ਦਵਾਰਕਾ ਵਿੱਚ ਇੱਕ ਇਕੱਠ ਦੌਰਾਨ ਬੋਲਦਿਆਂ, ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ “ਵੋਟ ਚੋਰੀ” ਦੇ ਦੋਸ਼ ਲਗਾਉਣ ਦਾ ਦੋਸ਼ ਲਗਾਇਆ। ਸ਼ਾਹ ਅਨੁਸਾਰ, ਰਾਹੁਲ ਗਾਂਧੀ ਅਜਿਹਾ ਉਸ ‘ਵੋਟ ਬੈਂਕ’ ਨੂੰ ਬਚਾਉਣ ਲਈ ਕਰ ਰਹੇ ਹਨ ਜਿਸ ਵਿੱਚ ਉਨ੍ਹਾਂ ਨੇ ਘੁਸਪੈਠੀਆਂ ਦੇ ਸ਼ਾਮਲ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਕਾਂਗਰਸ ਵੱਲੋਂ ਵਾਰ-ਵਾਰ ਉਠਾਏ ਜਾ ਰਹੇ ਸਵਾਲਾਂ ਨੂੰ ਵੀ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਹ ਪਾਰਟੀ ਜਿੱਤਣ ‘ਤੇ ਤਾਂ ਚੋਣ ਕਮਿਸ਼ਨ ਨੂੰ ਸਵੀਕਾਰ ਕਰ ਲੈਂਦੀ ਹੈ, ਪਰ ਹਾਰਨ ‘ਤੇ ਉਸ ‘ਤੇ ਦੋਸ਼ ਮੜ੍ਹ ਦਿੰਦੀ ਹੈ। ਸ਼ਾਹ ਨੇ ਕਿਹਾ, “ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਵੋਟ ਚੋਰੀ ਦੇ ਦੋਸ਼ ਲਗਾ ਕੇ ਘੁਸਪੈਠੀਆਂ ਦੀਆਂ ਵੋਟਾਂ ਬਚਾਉਣਾ ਚਾਹੁੰਦੇ ਹੋ” ਅਤੇ ਉਨ੍ਹਾਂ ਦਲੀਲ ਦਿੱਤੀ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਹੁਤ ਪਹਿਲਾਂ ਕਈ ਰਾਜਾਂ ਵਿੱਚ ਕਾਂਗਰਸ ਦਹਾਕਿਆਂ ਤੱਕ ਸਰਕਾਰ ਤੋਂ ਬਾਹਰ ਰਹੀ ਸੀ।

ਉਨ੍ਹਾਂ ਅੱਗੇ ਕਿਹਾ ਕਿ, “ਜਿਸ ਤਰ੍ਹਾਂ ਤੁਸੀਂ ਨਕਾਰਾਤਮਕ ਰਾਜਨੀਤੀ ਕਰ ਰਹੇ ਹੋ… ਤੁਸੀਂ ਅਗਲੇ 30 ਸਾਲਾਂ ਵਿੱਚ ਵੀ ਚੋਣਾਂ ਨਹੀਂ ਜਿੱਤ ਸਕੋਗੇ, ਜਿੱਥੇ ਤੁਸੀਂ ਜਿੱਤਦੇ ਹੋ, ਚੋਣ ਕਮਿਸ਼ਨ ਵਧੀਆ ਕੰਮ ਕਰ ਰਿਹਾ ਹੁੰਦਾ ਹੈ, ਪਰ ਜਦੋਂ ਵੀ ਤੁਸੀਂ ਹਾਰਦੇ ਹੋ, ਚੋਣ ਕਮਿਸ਼ਨ ਨੂੰ ਦੋਸ਼ੀ ਮੰਨਿਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ 2030 ਵਿੱਚ ਵੀ ਕਾਂਗਰਸ ਦੀ “ਵਾਰੀ” ਨਹੀਂ ਆਵੇਗੀ।

ਕੇਜਰੀਵਾਲ ’ਤੇ ਹਮਲਾ ਬੋਲਦਿਆਂ ਸ਼ਾਹ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ‘ਤੇ ਰਾਜਧਾਨੀ ਵਿੱਚ ਬੁਨਿਆਦੀ ਨਾਗਰਿਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਦੇ ਨਾਲ-ਨਾਲ ਧਰਨਿਆਂ ਅਤੇ ਪ੍ਰਦਰਸ਼ਨਾਂ ‘ਤੇ ਨਿਰਭਰ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ, “ਲੋਕ ਪੰਜਾਬ ਵਿੱਚੋਂ ‘ਆਪ’ ਸਰਕਾਰ ਦੀਆਂ ਜੜ੍ਹਾਂ ਪੁੱਟ ਕੇ ਤੁਹਾਨੂੰ ਢੁਕਵਾਂ ਜਵਾਬ ਦੇਣਗੇ।’’

ਸ਼ਾਹ ਨੇ ਖਾਸ ਤੌਰ ‘ਤੇ ਦਿੱਲੀ ਦੇ ਲੈਂਡਫਿਲ ਸਥਾਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੇ “ਕੂੜੇ ਦੇ ਉੱਚੇ ਪਹਾੜਾਂ” ਨੂੰ ਹਟਾਉਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਇਨ੍ਹਾਂ ਡੰਪਾਂ ਨੂੰ ਸਾਫ਼ ਕਰਨ ਲਈ ਕੰਮ ਕਰ ਰਹਾ ਹੈ ਅਤੇ ਜਲਦੀ ਹੀ ਇਹ ਜਨਤਕ ਬਗੀਚਿਆਂ ਵਿੱਚ ਤਬਦੀਲ ਕਰ ਦਿੱਤੇ ਜਾਣਗੇ।

ਇਹ ਸਿਆਸੀ ਹਮਲੇ 8,941 ਕਰੋੜ ਰੁਪਏ ਦੇ ਦਿੱਲੀ ਜਲ ਬੋਰਡ ਦੇ 43 ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ਦੌਰਾਨ ਸਾਹਮਣੇ ਆਏ, ਜਿਨ੍ਹਾਂ ਦਾ ਉਦੇਸ਼ ਗੰਦੇ ਪਾਣੀ ਦੇ ਨਿਪਟਾਰੇ/ਸੋਧ (wastewater treatment), ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਅਤੇ ਯਮੁਨਾ ਦੇ ਪੁਨਰੁਰੋਧਾਰ (rejuvenation) ਨੂੰ ਯਕੀਨੀ ਬਣਾਉਣਾ ਹੈ।

Share: