ਚੰਡੀਗੜ੍ਹ : ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ 24 ਅਕਤੂਬਰ ਤੋਂ ਇੱਕ ਨਵੀਂ ਪੱਛਮੀ ਗੜਬੜੀ (Western Disturbance) ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਕਰ ਸਕਦੀ ਹੈ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੀਆਂ ਕੁਝ ਥਾਵਾਂ ‘ਤੇ ਮੀਂਹ ਦੀ ਸੰਭਾਵਨਾ ਬਣੇਗੀ।
ਭਾਰਤੀ ਮੌਸਮ ਵਿਭਾਗ (IMD) ਵੱਲੋਂ ਬੁੱਧਵਾਰ ਨੂੰ ਜਾਰੀ ਬੁਲੇਟਿਨ ਅਨੁਸਾਰ 24 ਅਤੇ 25 ਅਕਤੂਬਰ ਨੂੰ ਕੁਝ ਵੱਖ-ਵੱਖ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ 10 ਦਿਨਾਂ ਤੋਂ ਖੇਤਰ ਵਿੱਚ ਚੱਲ ਰਹੇ ਸੁੱਕੇ ਦੌਰ ਤੋਂ ਬਾਅਦ ਮੀਂਹ ਦੀ ਉਮੀਦ ਹੈ।
ਬੁਲੇਟਿਨ ‘ਚ ਆਖਿਆ ਗਿਆ ਹੈ ਕਿ ਅਨੁਮਾਨਿਤ ਪੱਛਮੀ ਗੜਬੜੀ ਤੋਂ ਇਲਾਵਾ ਔਸਤ ਸਮੁੰਦਰੀ ਤਲ ਤੋਂ 1,500 ਮੀਟਰ ਦੀ ਉਚਾਈ ‘ਤੇ ਉੱਤਰੀ ਹਰਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਹਵਾ ਦਾ ਇੱਕ ਉਪਰਲਾ ਚੱਕਰਵਾਤੀ ਘੇਰਾ (upper air cyclonic circulation) ਬਣਿਆ ਹੋਇਆ ਹੈ।
24 ਅਕਤੂਬਰ ਨੂੰ ਪੰਜਾਬ ਦੇ ਦੱਖਣ-ਪੱਛਮੀ ਖੇਤਰਾਂ ਅਤੇ ਪੱਛਮੀ ਹਰਿਆਣਾ ਦੇ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਹੈ, ਜਦੋਂ ਕਿ 25 ਅਕਤੂਬਰ ਨੂੰ ਪੰਜਾਬ ਦੇ ਉੱਤਰੀ ਇਲਾਕਿਆਂ ਅਤੇ ਪੱਛਮੀ ਹਰਿਆਣਾ ਦੇ ਕੁਝ ਹੋਰ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਦੋਵਾਂ ਰਾਜਾਂ ਵਿੱਚ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਆਮ ਰਿਹਾ।
ਹਾਲਾਂਕਿ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਦੋਵਾਂ ਰਾਜਾਂ ਵਿੱਚ ਮੀਂਹ ਦੀ ਭਾਰੀ ਕਮੀ ਸੀ, ਪਰ ਬਾਅਦ ਵਿੱਚ ਕੁਝ ਦਿਨਾਂ ਤੱਕ ਚੱਲੇ ਮੀਂਹ ਦੇ ਦੌਰ ਨੇ ਸਥਿਤੀ ਵਿੱਚ ਸੁਧਾਰ ਕੀਤਾ। ਇਸ ਨਾਲ ਪੰਜਾਬ ਵਿੱਚ ਮਹੀਨਾਵਾਰ ਮੀਂਹ ਆਮ ਨਾਲੋਂ 231 ਫੀਸਦੀ ਅਤੇ ਹਰਿਆਣਾ ਵਿੱਚ 169 ਫੀਸਦੀ ਵਧ ਗਿਆ।
ਪੰਜਾਬ ਦੇ ਮੋਗਾ ਅਤੇ ਤਰਨਤਾਰਨ ਜ਼ਿਲ੍ਹਿਆਂ ਨੂੰ ਛੱਡ ਕੇ, ਇਸ ਮਹੀਨੇ ਹੁਣ ਤੱਕ ਬਾਕੀ ਸਾਰੇ ਇਲਾਕਿਆਂ ਵਿੱਚ ਮੀਂਹ ਲੰਬੀ ਮਿਆਦ ਦੀ ਔਸਤ ਤੋਂ ਵੱਧ ਰਿਹਾ ਹੈ। ਹਰਿਆਣਾ ਵਿੱਚ ਰਿਵਾੜੀ, ਮਹਿੰਦਰਗੜ੍ਹ ਅਤੇ ਭਿਵਾਨੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਕਮੀ ਰਹੀ ਹੈ।
ਅਕਤੂਬਰ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਰੂਪਨਗਰ (ਰੋਪੜ), ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸਭ ਤੋਂ ਵੱਧ ਮੀਂਹ ਪਿਆ, ਜਦੋਂ ਕਿ ਹਰਿਆਣਾ ਵਿੱਚ ਸਭ ਤੋਂ ਵੱਧ ਮੀਂਹ ਵਾਲੇ ਜ਼ਿਲ੍ਹੇ ਯਮੁਨਾਨਗਰ, ਅੰਬਾਲਾ, ਸੋਨੀਪਤ ਅਤੇ ਪੰਚਕੂਲਾ ਰਹੇ ਹਨ।

