ਹੈਦਰਾਬਾਦ : ਸ਼ਾਈ ਹੋਪ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਕੀਮੋ ਪੌਲ ਦੀਆਂ ਪੰਜ ਵਿਕਟਾਂ ਦੀ ਬਦੌਲਤ ਵੈਸਟਇੰਡੀਜ਼ ਨੇ ਬੁੱਧਵਾਰ ਨੂੰ ਖੇਡੇ ਗਏ ਚੌਥੇ ਟੀ-20 ਕੌਮਾਂਤਰੀ ਮੈਚ ਵਿੱਚ ਭਾਰਤ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਪੰਜ ਮੈਚਾਂ ਦੀ ਸੀਰੀਜ਼ 2-2 ਨਾਲ ਬਰਾਬਰ ਕਰ ਲਈ ਹੈ। ਹੁਣ ਸੀਰੀਜ਼ ਦਾ ਫੈਸਲਾਕੁੰਨ ਅਤੇ ਆਖਰੀ ਮੈਚ ਸ਼ਨਿੱਚਵਾਰ ਨੂੰ ਬੰਗਲੁਰੂ ਵਿੱਚ ਖੇਡਿਆ ਜਾਵੇਗਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 247 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਟੀਮ ਵੱਲੋਂ ਸ਼ਾਈ ਹੋਪ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 50 ਗੇਂਦਾਂ ਵਿੱਚ ਨਾਬਾਦ 102 ਦੌੜਾਂ ਬਣਾਈਆਂ। ਪਾਰੀ ਦੀ ਆਖਰੀ ਗੇਂਦ ‘ਤੇ ਛੱਕਾ ਮਾਰ ਕੇ ਉਸਨੇ ਆਪਣਾ ਸੈਂਕੜਾ ਪੂਰਾ ਕੀਤਾ। ਹੋਪ ਤੋਂ ਇਲਾਵਾ ਸ਼ੇਰਫੇਨ ਰਦਰਫੋਰਡ ਨੇ 26 ਗੇਂਦਾਂ ਵਿੱਚ ਨਾਬਾਦ 49 ਅਤੇ ਸ਼ਿਮਰੋਨ ਹੈਟਮਾਇਰ ਨੇ 12 ਗੇਂਦਾਂ ‘ਤੇ 33 ਦੌੜਾਂ ਦੀ ਪਾਰੀ ਖੇਡੀ। ਭਾਰਤ ਦੇ ਮਯੰਕ ਯਾਦਵ ਅਤੇ ਅਰਸ਼ਦੀਪ ਸਿੰਘ ਨੇ 52-52 ਦੌੜਾਂ ਦਿੱਤੀਆਂ। 248 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 19.3 ਓਵਰਾਂ ਵਿੱਚ 223 ਦੌੜਾਂ ‘ਤੇ ਸਿਮਟ ਗਈ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਤੂਫਾਨੀ ਸ਼ੁਰੂਆਤ ਦਿੰਦਿਆਂ ਸਿਰਫ਼ 20 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਅਤੇ 23 ਗੇਂਦਾਂ ਵਿੱਚ ਕੁੱਲ 56 ਦੌੜਾਂ ਬਣਾਈਆਂ। ਹਾਲਾਂਕਿ, ਕੀਮੋ ਪੌਲ (5/41) ਨੇ ਪੰਜਵੇਂ ਓਵਰ ਵਿੱਚ ਸੈਮਸਨ ਅਤੇ ਈਸ਼ਾਨ ਕਿਸ਼ਨ (6) ਨੂੰ ਆਊਟ ਕਰਕੇ ਮੈਚ ਦਾ ਰੁਖ ਪਲਟ ਦਿੱਤਾ। ਇਸ ਤੋਂ ਬਾਅਦ ਸ਼੍ਰੇਅਸ ਅਈਅਰ 16, ਅਭਿਸ਼ੇਕ ਸ਼ਰਮਾ 29 ਅਤੇ ਨਮਨ ਧੀਰ (ਜ਼ੀਰੋ) ਸਸਤੇ ਵਿੱਚ ਆਊਟ ਹੋ ਗਏ। ਗੁਡਾਕੇਸ਼ ਮੋਤੀ ਨੇ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਤਿਲਕ ਵਰਮਾ (43 ਦੌੜਾਂ) ਅਤੇ ਨਿਤੀਸ਼ ਕੁਮਾਰ ਰੈੱਡੀ (41 ਦੌੜਾਂ) ਨੇ 26 ਗੇਂਦਾਂ ਵਿੱਚ 59 ਦੌੜਾਂ ਦੀ ਤੇਜ਼ ਸਾਂਝੇਦਾਰੀ ਕਰਕੇ ਭਾਰਤ ਦੀਆਂ ਉਮੀਦਾਂ ਜਗਾਈਆਂ, ਪਰ 17ਵੇਂ ਓਵਰ ਵਿੱਚ ਰੋਮਾਰੀਓ ਸ਼ੈਫਰਡ ਨੇ ਤਿਲਕ ਨੂੰ ਆਊਟ ਕਰ ਦਿੱਤਾ। ਅੰਤ ਵਿੱਚ ਕੀਮੋ ਪੌਲ ਨੇ ਨਿਤੀਸ਼ ਰੈੱਡੀ ਅਤੇ ਪ੍ਰਿੰਸ ਯਾਦਵ ਨੂੰ ਲਗਾਤਾਰ ਗੇਂਦਾਂ ‘ਤੇ ਆਊਟ ਕਰਕੇ ਭਾਰਤੀ ਪਾਰੀ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਆਖਰੀ ਓਵਰ ਵਿੱਚ ਸ਼ਮਾਰ ਜੋਸੇਫ ਦੀ ਗੇਂਦ ਨਾਲ ਬਾਂਹ ‘ਤੇ ਸੱਟ ਲੱਗਣ ਕਾਰਨ ਅਰਸ਼ਦੀਪ ਸਿੰਘ ਨੂੰ ‘ਰਿਟਾਇਰਡ ਆਊਟ’ ਹੋ ਕੇ ਮੈਦਾਨ ਛੱਡਣਾ ਪਿਆ।
India vs West Indies: ਕੀਮੋ ਪੌਲ ਦੀਆਂ 5 ਵਿਕਟਾਂ ਤੇ ਸ਼ਾਈ ਹੋਪ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੇ ਭਾਰਤ ਨੂੰ ਹਰਾਇਆ

