17 ਸਾਲਾਂ ਬਾਅਦ ਕੌਮਾਂਤਰੀ ਹਾਕੀ ਦੀ ਵਾਪਸੀ

17 ਸਾਲਾਂ ਬਾਅਦ ਕੌਮਾਂਤਰੀ ਹਾਕੀ ਦੀ ਵਾਪਸੀ

ਨਵੀਂ ਦਿੱਲੀ : ਪੁਰਸ਼ਾਂ ਦੀ ਏਸ਼ਿਆਈ ਚੈਂਪੀਅਨਜ਼ ਟਰਾਫੀ ਨਾਲ 17 ਸਾਲਾਂ ਬਾਅਦ ਪੰਜਾਬ ਵਿੱਚ ਕੌਮਾਂਤਰੀ ਹਾਕੀ ਦੀ ਵਾਪਸੀ ਹੋ ਰਹੀ ਹੈ। ਭਾਰਤ ਦੂਜੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਸੂਬੇ ਵਿੱਚ ਆਖ਼ਰੀ ਕੌਮਾਂਤਰੀ ਹਾਕੀ ਟੂਰਨਾਮੈਂਟ 2009 ਵਿੱਚ ਪੰਜਾਬ ਗੋਲਡ ਕੱਪ ਵਜੋਂ ਕਰਵਾਇਆ ਗਿਆ ਸੀ। ਇਸ ਵਾਰ ਮੇਜ਼ਬਾਨ ਭਾਰਤ ਤੋਂ ਇਲਾਵਾ ਮਲੇਸ਼ੀਆ, ਦੱਖਣੀ ਕੋਰੀਆ, ਚੀਨ, ਜਪਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ 27 ਅਕਤੂਬਰ ਤੋਂ ਖ਼ਿਤਾਬ ਲਈ ਜ਼ੋਰ ਅਜ਼ਮਾਇਸ਼ ਕਰਨਗੀਆਂ। ਖ਼ਿਤਾਬ ਬਚਾਉਣ ਲਈ ਉਤਰਨ ਵਾਲੀ ਭਾਰਤੀ ਟੀਮ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਕਾਮਯਾਬ ਟੀਮ ਹੈ, ਜਿਸ ਨੇ ਪੰਜ ਵਾਰ (2011, 2016, 2018 ਸਾਂਝੇ ਜੇਤੂ, 2023 ਅਤੇ 2024) ਇਹ ਖ਼ਿਤਾਬ ਜਿੱਤਿਆ ਹੈ।

ਇਹ ਟੂਰਨਾਮੈਂਟ ਦੋ ਗੇੜਾਂ ਵਿੱਚ ਖੇਡਿਆ ਜਾਵੇਗਾ। ਉਦਘਾਟਨੀ ਸਮਾਗਮ ਅਤੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਹੋਣਗੇ। ਇਸ ਮਗਰੋਂ 4 ਅਤੇ 5 ਨਵੰਬਰ ਨੂੰ ਸੈਮੀ ਫਾਈਨਲ ਅਤੇ ਤਗ਼ਮਿਆਂ ਵਾਲੇ ਮੈਚ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਲੀਗ ਗੇੜ ਦੌਰਾਨ ਸਾਰੀਆਂ ਛੇ ਟੀਮਾਂ ਆਪਸ ਵਿੱਚ ਇੱਕ-ਇੱਕ ਮੈਚ ਖੇਡਣਗੀਆਂ ਅਤੇ ਸਿਖਰਲੀਆਂ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪੁੱਜਣਗੀਆਂ। ਭਾਰਤੀ ਟੀਮ ਆਪਣੀ ਮੁਹਿੰਮ ਦਾ ਆਗਾਜ਼ 27 ਅਕਤੂਬਰ ਨੂੰ ਜਲੰਧਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਮੈਚ ਨਾਲ ਕਰੇਗੀ। ਪੰਜਾਬ ਲਈ ਹਾਕੀ ਸਿਰਫ਼ ਖੇਡ ਨਹੀਂ, ਸਗੋਂ ਸੂਬੇ ਦੇ ਸੱਭਿਆਚਾਰਕ ਮਾਣ ਦਾ ਅਹਿਮ ਹਿੱਸਾ ਹੈ। ਊਧਮ ਸਿੰਘ ਅਤੇ ਬਲਬੀਰ ਸਿੰਘ ਸੀਨੀਅਰ ਤੋਂ ਲੈ ਕੇ ਮੌਜੂਦਾ ਦੌਰ ਦੇ ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਤੱਕ ਪੰਜਾਬੀ ਖਿਡਾਰੀਆਂ ਨੇ ਭਾਰਤੀ ਹਾਕੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ।

ਪੰਜਾਬੀਆਂ ਲਈ ਪੰਜਾਬ ਵਿੱਚ ਖੇਡਣਾ ਖ਼ਾਸ: ਹਰਮਨਪ੍ਰੀਤ

ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਲਈ ਇਹ ਬਹੁਤ ਖ਼ਾਸ ਮੌਕਾ ਹੈ ਕਿਉਂਕਿ ਉਹ ਪਹਿਲੀ ਵਾਰ ਆਪਣੇ ਸੂਬੇ ਵਿੱਚ ਕੌਮਾਂਤਰੀ ਪੱਧਰ ’ਤੇ ਭਾਰਤੀ ਜਰਸੀ ਪਹਿਨਣਗੇ। ਉਸ ਦਾ ਪੂਰਾ ਪਰਿਵਾਰ ਪਹਿਲੀ ਵਾਰ ਸਟੇਡੀਅਮ ਵਿੱਚ ਖੇਡਦਿਆਂ ਦੇਖੇਗਾ, ਖ਼ਾਸ ਕਰਕੇ ਉਸ ਦੇ ਪਿਤਾ, ਜਿਨ੍ਹਾਂ ਨੇ ਅੱਜ ਤੱਕ ਸਟੇਡੀਅਮ ਵਿੱਚ ਬੈਠ ਕੇ ਉਸ ਨੂੰ ਦੇਸ਼ ਲਈ ਖੇਡਦਿਆਂ ਨਹੀਂ ਦੇਖਿਆ।
Share: