ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਅਸੀਂ ਸਾਰੇ ਹੀ ਭਲੀਭਾਂਤ ਜਾਣੂੰ ਹਾਂ। ਦਰੱਖਤਾਂ ਸਦਕਾ ਹੀ ਮਨੁੱਖ , ਜੀਵ – ਜੰਤੂਆਂ , ਪੰਛੀਆਂ – ਪਰਿੰਦਿਆਂ ਤੇ ਬੇਅੰਤ ਕੀਟਾਂ ਦਾ ਜੀਵਨ ਅਤੇ ਹੋਂਦ ਸੰਭਵ ਹੈ। ਇਸੇ ਲਈ ਧਾਰਮਿਕ ਗ੍ਰੰਥਾਂ ਵਿੱਚ , ਮਹਾਂਪੁਰਖਾਂ ਅਤੇ ਵਿਗਿਆਨ ਨੇ ਦਰੱਖ਼ਤ ਲਗਾਉਣ , ਰੁੱਖਾਂ ਦੀ ਸੰਭਾਲ਼ ਕਰਨ ਅਤੇ ਰੁੱਖਾਂ ਨੂੰ ਨਾ ਕੱਟਣ ਦੀ ਸੇਧ ਮਨੁੱਖ ਨੂੰ ਦਿੱਤੀ ਹੈ। ਸਾਨੂੰ ਇਸ ਰਾਹ ‘ਤੇ ਚੱਲਣ ਦੀ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ , ਪਰ ਇਸ ਦੇ ਨਾਲ਼ ਹੀ ਕਈ ਵਾਰ ਕਿਸੇ ਭਰਮ – ਭੁਲੇਖੇ ਜਾਂ ਅੰਧ – ਵਿਸ਼ਵਾਸ ਵਿੱਚ ਪੈ ਕੇ ਮਨੁੱਖ ਦਰੱਖ਼ਤਾਂ ਦੀਆਂ ਜੜਾਂ ਜਾਂ ਤਣਿਆਂ , ਪੱਤਿਆਂ ‘ਤੇ ਸਿੰਦੂਰ , ਤੇਲ , ਆਟਾ ਜਾਂ ਮਠਿਆਈ ਆਦਿ ਪਾ ਦਿੰਦਾ ਹੈ। ਪਰ ਅਗਿਆਨਤਾਵਸ ਇਸ ਤਰ੍ਹਾਂ ਕਰਕੇ ਅਸੀਂ ਵੱਡੇ – ਵੱਡੇ ਦਰੱਖ਼ਤਾਂ ਨੂੰ ਖਰਾਬ ਹੋਣ ਜਾਂ ਸੁੱਕ ਜਾਣ ਲਈ ਆਪ ਗਲਤ ਕਰਮ ਕਰ ਬੈਠਦੇ ਹਾਂ ; ਕਿਉਂਕਿ ਅਜਿਹੀਆਂ ਵਸਤੂਆਂ ਦਰੱਖਤਾਂ ਦੇ ਨੇੜੇ ਕੀੜੇ – ਮਕੌੜਿਆਂ ਨੂੰ ਆਉਣ ਲਈ ਪ੍ਰੇਰਿਤ ਕਰਦੀਆਂ ਹਨ , ਜੋ ਕਿ ਬਾਅਦ ਵਿੱਚ ਦਰੱਖਤਾਂ ਦਾ ਨੁਕਸਾਨ ਕਰ ਸਕਦੇ ਹਨ ਅਤੇ ਕਈ ਹਾਨੀਕਾਰਕ ਵਸਤਾਂ ਜਿਵੇਂ ਤੇਲ ਜਾਂ ਸਿੰਧੂਰ ਵੀ ਦਰੱਖ਼ਤਾਂ ਦੀਆਂ ਜੜ੍ਹਾਂ ਤੇ ਤਣਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਅਸੀਂ ਇਸ ਛੋਟੀ ਜਿਹੀ ਅਣਗਹਿਲੀ ਤੇ ਅਗਿਆਨਤਾ ਨੂੰ ਸਮਝ ਲਈਏ ਤਾਂ ਅਸੀਂ ਬਹੁਤ ਦਰੱਖਤਾਂ ਨੂੰ ਨਸ਼ਟ ਹੋਣ ਜਾਂ ਸਮੇਂ ਤੋਂ ਪਹਿਲਾਂ ਸੁੱਕ ਜਾਣ ਤੋਂ ਬਚਾ ਸਕਦੇ ਹਾਂ। ਸਾਡਾ ਇਹ ਛੋਟਾ ਜਿਹਾ ਸਾਰਥਕ ਉਪਰਾਲਾ ਸਾਨੂੰ ਵਾਤਾਵਰਨ – ਪ੍ਰੇਮੀ ਬਣਾ ਸਕਦਾ ਹੈ ਅਤੇ ਅਸੀਂ ਵਾਤਾਵਰਨ – ਹਿਤੈਸ਼ੀ ਬਣ ਕੇ ਵਾਤਾਵਰਨ ਨੂੰ ਹਰਾ – ਭਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇੱਕ ਛੋਟੀ ਜਿਹੀ ਕੋਸ਼ਿਸ਼ , ਵਾਤਾਵਰਨ ਸੁਧਾਰ ਵੱਲ।
Posted inEnvironment & Nature
ਰੁੱਖਾਂ ਪ੍ਰਤੀ ਸਦਭਾਵਨਾ …. ਤੇ ਵਾਤਾਵਰਨ – ਪ੍ਰੇਮ

