Jantar Mantar Protest: ਜੰਤਰ-ਮੰਤਰ ’ਤੇ ਧਰਨੇ-ਪ੍ਰਦਰਸ਼ਨਾਂ ’ਤੇ ਲੱਗੀ ਰੋਕ; 3 ਨਵੀਆਂ ਥਾਵਾਂ ਕੀਤੀਆਂ ਤੈਅ

Jantar Mantar Protest: ਜੰਤਰ-ਮੰਤਰ ’ਤੇ ਧਰਨੇ-ਪ੍ਰਦਰਸ਼ਨਾਂ ’ਤੇ ਲੱਗੀ ਰੋਕ; 3 ਨਵੀਆਂ ਥਾਵਾਂ ਕੀਤੀਆਂ ਤੈਅ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਹੁਣ ਧਰਨਿਆਂ ਅਤੇ ਮੁਜ਼ਾਹਰਿਆਂ ਲਈ ਰਾਮਲੀਲਾ ਮੈਦਾਨ, ਬੁਰਾੜੀ ਗਰਾਊਂਡ ਅਤੇ ਪੂਰਬੀ ਦਿੱਲੀ ਦੇ ਸੀ ਬੀ ਡੀ (CBD) ਗਰਾਊਂਡ ਨੂੰ ਨਵੇਂ ਸਥਾਨਾਂ ਵਜੋਂ ਮਾਨਤਾ ਦਿੱਤੀ ਗਈ ਹੈ। ਦਿੱਲੀ ਦੇ ਪੁਲੀਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਲਈ ਮੌਜੂਦਾ ਥਾਂ ਦੀ ਥਾਂ ਬਦਲਵੇਂ ਸਥਾਨ ਲੱਭਣ ਵਾਸਤੇ ਇੱਕ ਕਮੇਟੀ ਬਣਾਈ ਸੀ। ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਹੀ ਜੰਤਰ-ਮੰਤਰ ਨੂੰ ਸੂਚੀ ‘ਚੋਂ ਹਟਾ ਕੇ ਇਹ ਤਿੰਨ ਨਵੀਆਂ ਥਾਵਾਂ ਤੈਅ ਕੀਤੀਆਂ ਗਈਆਂ ਹਨ। ਦਿੱਲੀ ਪੁਲੀਸ ਮੁਤਾਬਕ ਇਨ੍ਹਾਂ ਤਿੰਨਾਂ ਥਾਵਾਂ ‘ਤੇ ਪ੍ਰਦਰਸ਼ਨ ਕਰਨ ਦੇ ਨਿਯਮਾਂ (SOP) ਸੰਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ 1988 ਵਿੱਚ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਹੋਏ ਵੱਡੇ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ ਇੰਡੀਆ ਗੇਟ ਨੇੜਲੇ ਬੋਟ ਕਲੱਬ ‘ਤੇ ਪ੍ਰਦਰਸ਼ਨਾਂ ‘ਤੇ ਰੋਕ ਲੱਗੀ ਸੀ, ਤਾਂ 1993 ਤੋਂ ਜੰਤਰ-ਮੰਤਰ ਦਿੱਲੀ ਦਾ ਮੁੱਖ ਪ੍ਰਦਰਸ਼ਨ ਸਥਾਨ ਬਣ ਗਿਆ ਸੀ।

ਇਸ ਤੋਂ ਪਹਿਲਾਂ ਅਕਤੂਬਰ 2017 ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਇੱਥੇ ਧਰਨਿਆਂ ‘ਤੇ ਪਾਬੰਦੀ ਲਗਾ ਕੇ ਪ੍ਰਦਰਸ਼ਨ ਰਾਮਲੀਲਾ ਮੈਦਾਨ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ, ਜੁਲਾਈ 2018 ਵਿੱਚ ਸੁਪਰੀਮ ਕੋਰਟ ਨੇ ਇਸ ਪੂਰਨ ਪਾਬੰਦੀ ਨੂੰ ਹਟਾਉਂਦਿਆਂ ਕੁਝ ਨਿਯਮਾਂ ਤਹਿਤ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਖੁੱਲ੍ਹ ਦੇ ਦਿੱਤੀ ਸੀ।

ਸਿਆਸੀ ਲਾਮਬੰਦੀ ਲਈ ਇਤਿਹਾਸਕ ਮਹੱਤਵ ਰੱਖਣ ਵਾਲੇ ਰਾਮਲੀਲਾ ਮੈਦਾਨ ਵਿੱਚ 1975 ਦੌਰਾਨ ਇੰਦਰਾ ਗਾਂਧੀ ਸਰਕਾਰ ਖ਼ਿਲਾਫ਼ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਤੋਂ ਲੈ ਕੇ 2011 ਦੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੱਕ ਦੇ ਇਤਿਹਾਸਕ ਇਕੱਠ ਹੋ ਚੁੱਕੇ ਹਨ।

Share: