ਨਵੀਂ ਦਿੱਲੀ : ਜੰਤਰ-ਮੰਤਰ ਦੇ 4 ਕਿਲੋਮੀਟਰ ਦੇ ਦਾਇਰੇ ਵਿੱਚ 9 ਅਕਤੂਬਰ ਰਾਤ 10 ਵਜੇ ਤੋਂ ਲੈ ਕੇ 10 ਅਕਤੂਬਰ ਰਾਤ 10 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।ਦਿੱਲੀ ਪੁਲੀਸ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਇਹ ਪਾਬੰਦੀ ਸਾਰੀਆਂ ਮੋਬਾਈਲ ਇੰਟਰਨੈੱਟ ਸੇਵਾਵਾਂ ‘ਤੇ ਲਾਗੂ ਹੋਵੇਗੀ, ਜਦਕਿ ਬਾਕੀ ਦਿੱਲੀ ਵਿੱਚ ਇੰਟਰਨੈੱਟ ਸੇਵਾਵਾਂ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਉਹ ਆਮ ਵਾਂਗ ਚੱਲਣਗੀਆਂ।
ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਹੋਣ ਵਾਲੇ ਪ੍ਰਸਤਾਵਿਤ ਪ੍ਰਦਰਸ਼ਨ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਦਿੱਲੀ ਪੁਲੀਸ ਨੇ ਨਵੀਂ ਦਿੱਲੀ ਜ਼ਿਲ੍ਹੇ ਨੂੰ 20 ਜ਼ੋਨਾਂ ਵਿੱਚ ਵੰਡਿਆ ਹੈ।
ਦਿੱਲੀ ਪੁਲੀਸ ਨੇ ‘ਕੌਕਰੋਚ ਜਨਤਾ ਪਾਰਟੀ’ (CJP) ਨੂੰ 10 ਅਕਤੂਬਰ ਨੂੰ ਜੰਤਰ-ਮੰਤਰ ’ਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ ਦਿੱਤਾ ਜਾਣਾ ਸੀ। ਪੁਲੀਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਬਹੁਤ ਦੇਰ ਨਾਲ ਦਿੱਤੀ ਸੀ ਅਤੇ ਪਹਿਲਾਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਵੀ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਜੁਆਇੰਟ ਪੁਲੀਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਦੱਸਿਆ ਕਿ ਸੀ ਜੇ ਪੀ ਦੇ ਸਹਿ-ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ। ਹਾਲਾਂਕਿ, ਨਿਯਮਾਂ ਅਨੁਸਾਰ ਜੰਤਰ-ਮੰਤਰ ’ਤੇ ਕਿਸੇ ਵੀ ਪ੍ਰੋਗਰਾਮ ਲਈ ਘੱਟੋ-ਘੱਟ 10 ਦਿਨ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲੀਸ ਅਨੁਸਾਰ, ਇਸ ਪਾਰਟੀ ਨੇ ਪਹਿਲਾਂ ਵੀ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ। ਇਸ ਲਈ ਸ਼ਹਿਰ ਦੀ ਸੁਰੱਖਿਆ, ਟਰੈਫਿਕ ਅਤੇ ਅਮਨ-ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਹੋਏ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

