ਚੰਡੀਗੜ੍ਹ ਦੀ ਧੀ ਸ਼ਬੀਨਾ ਦੇ ਨਾਟਕ ਨੇ ‘ਏਕ ਲੜਕੀ ਪਾਂਚ ਦੀਵਾਨੇ’ ਨੇ ਕੈਨੇਡਾ ਵਾਸੀ ਕੀਲੇ

ਚੰਡੀਗੜ੍ਹ ਦੀ ਧੀ ਸ਼ਬੀਨਾ ਦੇ ਨਾਟਕ ਨੇ ‘ਏਕ ਲੜਕੀ ਪਾਂਚ ਦੀਵਾਨੇ’ ਨੇ ਕੈਨੇਡਾ ਵਾਸੀ ਕੀਲੇ

ਬਰੈਪਟਨ : ਚੰਡੀਗੜ੍ਹ ਦੀ ਹੋਣਹਾਰ ਧੀ ਸ਼ਬੀਨਾ ਸਿੰਘ ਦੀ ਨਾਟਕ ਟੀਮ ‘ਲਾਲ ਬਟਨ’ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਰੈਂਪਟਨ ਦੇ ਕਲਾਰਕ ਥੀਏਟਰ ਵਿੱਚ ਹਰੀ ਸ਼ੰਕਰ ਪਰਸਾਈ ਦੀ ਪ੍ਰਸਿੱਧ ਵਿਅੰਗ ਰਚਨਾ ਉੱਤੇ ਅਧਾਰਤ ਨਾਟਕ ‘ਏਕ ਲੜਕੀ ਪਾਂਚ ਦੀਵਾਨੇ’ ਸਫਲਤਾਪੂਰਵਕ ਖੇਡਿਆ ਗਿਆ। ਇਹ ਨਾਟਕ ਮੌਜੂਦਾ ਅਸੱਭਿਕ ਸਮਾਜ ਉੱਪਰ ਇੰਨਾ ਜ਼ੋਰਦਾਰ ਅਤੇ ਕਰਾਰਾ ਵਿਅੰਗ ਸੀ ਕਿ ਦਰਸ਼ਕਾਂ ਦੇ ਚਿਹਰਿਆਂ ਉੱਪਰ ਲਗਾਤਾਰ ਨਮੋਸ਼ੀ ਤੈਰਦੀ ਰਹੀ ਅਤੇ ਉਹ ਹਰ ਸੀਨ ਨੂੰ ਸਾਹ ਰੋਕ ਕੇ ਦੇਖਣ ਤੇ ਸੁਣਨ ਲਈ ਮਜਬੂਰ ਹੋ ਗਏ। ਜ਼ਿਕਰਯੋਗ ਹੈ ਕਿ ਸ਼ਬੀਨਾ ਸਿੰਘ ਪਿਛਲੇ ਕਰੀਬ 8 ਸਾਲਾਂ ਤੋਂ ਕੈਨੇਡਾ ਸਰਕਾਰ ਦੇ ਸਹਿਯੋਗ ਨਾਲ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਉੱਪਰ ਬੇਹੱਦ ਅਰਥ ਭਰਪੂਰ ਨਾਟਕਾਂ ਦਾ ਮੰਚਨ ਕਰਵਾਉਂਦੇ ਆ ਰਹੇ ਹਨ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦਾ ਨਾਂ ਕਾਫ਼ੀ ਉੱਘਾ ਹੈ।

ਨਾਟਕ ਦੀ ਕਹਾਣੀ ਮੁਹੱਲੇ ਦੀ ਇੱਕ ਖੂਬਸੂਰਤ ਅਤੇ ਦਾਨਸ਼ਵਰ ਲੜਕੀ ਦੁਆਲੇ ਘੁੰਮਦੀ ਹੈ, ਜਿਸ ਦਾ ਪੰਜ ਲੜਕੇ ਪਿੱਛਾ ਕਰਨ ਲੱਗ ਪੈਂਦੇ ਹਨ। ਹਾਲਾਂਕਿ, ਉਸੇ ਮੁਹੱਲੇ ਦੇ ਕੁਝ ਸੂਝਵਾਨ ਲੜਕੇ ਇਸ ਹਰਕਤ ਦਾ ਵਿਰੋਧ ਕਰਦਿਆਂ ਲੜਕੀ ਦਾ ਮਜ਼ਬੂਤ ਸਹਾਰਾ ਬਣਦੇ ਹਨ। ਕਹਾਣੀ ਅੱਗੇ ਵਧਦਿਆਂ ਅਖੀਰ ਵਿੱਚ ਲੜਕੀ ਇੱਕ ਮਿਹਨਤੀ, ਪੜ੍ਹੇ-ਲਿਖੇ ਅਤੇ ਗਰੀਬ ਲੜਕੇ ਨੂੰ ਆਪਣੀ ਜੀਵਨ ਸਾਥੀ ਵਜੋਂ ਚੁਣਦੀ ਹੈ, ਜੋ ਬਾਅਦ ਵਿੱਚ ਇੱਕ ਵੱਡਾ ਅਧਿਕਾਰੀ ਬਣਦਾ ਹੈ। ਨਾਟਕ ਦੀ ਕਹਾਣੀ ਜਿਵੇਂ-ਜਿਵੇਂ ਆਪਣੇ ਸਿਖਰ ਵੱਲ ਗਈ, ਦਰਸ਼ਕ ਸੀਨ ਦਰ ਸੀਨ ਭਾਵਨਾਵਾਂ ਦੇ ਵਹਿਣ ਵਿੱਚ ਰੁੜਦੇ ਚਲੇ ਗਏ।
ਇਸ ਨਾਟਕ ਦੀ ਨਿਰਦੇਸ਼ਨਾ ਫ਼ਿਲਮੀ ਆਰਟਿਸਟ ਵਿਵੇਕ ਸ਼ਰਮਾ ਨੇ ਬਾਖ਼ੂਬੀ ਕੀਤੀ, ਜਦੋਂ ਕਿ ਤਕਨੀਕੀ ਨਿਰਦੇਸ਼ਕ ਦੀ ਭੂਮਿਕਾ ਕਰਨ ਸੇਠ ਨੇ ਨਿਭਾਈ। ਨਾਟਕ ਵਿੱਚ ਸਹੀਨ ਬਖਸ਼ੀ, ਰੋਹਿਤ ਗੁਲੇਰੀਆ, ਅਮਨ ਠਾਕੁਰ, ਮੇਘਾ ਠੱਕਰ, ਸ਼ਾਕਸ਼ੀ, ਕਰਨ ਸਿੱਧੂ, ਸੁਖਵਿੰਦਰ ਸਿੰਘ, ਮਹਿੰਦਰ ਸਿੱਧੂ, ਸਾਹਿਲ ਖੰਨਾ, ਸੰਦੀਪ ਮਹੀਪਾਲ, ਹਰਲੀਨ ਸਿਧੇਸ਼ ਅਤੇ ਖੁਸ਼ਬੂ ਸਮੇਤ ਕਈ ਪ੍ਰਤਿਭਾਵਾਨ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਆਪਣੇ ਕਲਾ ਸਫ਼ਰ ਬਾਰੇ ਗੱਲ ਕਰਦਿਆਂ ਸ਼ਬੀਨਾ ਸਿੰਘ ਨੇ ਚੰਡੀਗੜ੍ਹ ਤੋਂ ਕੈਨੇਡਾ ਤੱਕ ਦੇ ਇਸ ਸਫ਼ਰ ਦੀ ਸਫਲਤਾ ਦਾ ਸਿਹਰਾ ਸਮੂਹ ਕਲਾਕਾਰਾਂ ਦੇ ਸਿਰ ਬੰਨ੍ਹਿਆ।
ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਂਝੇ ਸ਼ਾਇਰ ਬਾਬਾ ਨਜਮੀ, ਲਹੌਰ ਦੇ ਰਵਾਇਤੀ ਗਾਇਕ ਹੁਸਨੈਨ ਅਤੇ ਸਮਾਜ ਸੇਵੀ ਇੰਦਰਜੀਤ ਸਿੰਘ ਬੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਕੈਨੇਡਾ ਦੇ ਉੱਘੇ ‘ਸੁਰਖ਼ਾਬ ਰੇਡੀਓ’ ਦੇ ਹੋਸਟ ਗੁਰਮਿੰਦਰ ਸਿੰਘ ਆਹਲੂਵਾਲੀਆ ਨੇ ਆਏ ਹੋਏ ਦਰਸ਼ਕਾਂ, ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਾਟਕ ਅਸੱਭਿਆ ਸਮਾਜ ਉੱਪਰ ਇੱਕ ਕਰਾਰੀ ਚੋਟ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਨਾਟਕ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਸਫਲਤਾਪੂਰਵਕ ਖੇਡਿਆ ਜਾ ਰਿਹਾ ਹੈ।
Share: