ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਨੂੰ ਈਸੀਆਈਨੈੱਟ (ECINET) ਐਪਲੀਕੇਸ਼ਨ ਵਿੱਚ ਕਥਿਤ “ਕਮੀਆਂ” ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਬਹੁਤ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਇਸ ਨੂੰ ਨਵੀਂ ਦਿੱਲੀ ਵਿੱਚ ਸੱਤਾਧਾਰੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਸਾਰੀਆਂ ਕਟੌਤੀਆਂ ਅਤੇ ਵਾਧਿਆਂ ਨੂੰ ਕੇਂਦਰੀਕ੍ਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਐਕਸ (X) ‘ਤੇ ਇੱਕ ਮੀਡੀਆ ਰਿਪੋਰਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ਵਿੱਚ ਇੱਕ ਸੁਰੱਖਿਆ ਖੋਜਕਾਰ (ਸਿਕਿਓਰਿਟੀ ਰਿਸਰਚਰ) ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸ ਨੇ ਜੁਲਾਈ ਵਿੱਚ ਭਾਰਤ ਦੇ ਚੋਣ ਕਮਿਸ਼ਨ (ECI) ਅਤੇ ਦੇਸ਼ ਦੀ ਸਾਈਬਰ-ਸੁਰੱਖਿਆ ਏਜੰਸੀ, CERT-In ਨੂੰ ਕਮਿਸ਼ਨ ਦੀ ਵੋਟਰ-ਸੇਵਾ ਵੈੱਬਸਾਈਟ ਅਤੇ ਇਸਦੀ ਈਸੀਆਈਨੈੱਟ ਐਪ ਵਿੱਚ ਕਮੀਆਂ ਬਾਰੇ ਚਿਤਾਵਨੀ ਦਿੱਤੀ ਸੀ। ਐਕਸ ‘ਤੇ ਆਪਣੇ ਪੋਸਟ ਵਿੱਚ ਜੈਰਾਮ ਰਮੇਸ਼ ਨੇ ਕਿਹਾ, “ਇੱਕ ਪ੍ਰਮੁੱਖ ਅਖ਼ਬਾਰ ਨੇ ਅੱਜ ਸਵੇਰੇ ਰਿਪੋਰਟ ਦਿੱਤੀ ਹੈ ਕਿ 8 ਜੁਲਾਈ, 2026 ਨੂੰ ਇੱਕ ਸੁਰੱਖਿਆ ਖੋਜਕਾਰ ਨੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਈਸੀਆਈਨੈੱਟ ਵਿੱਚ ਕਈ ਕਮੀਆਂ ਲਿਆਂਦੀਆਂ ਸਨ। ਪਰ ਉਸਦੀਆਂ ਕਈ ਚਿੰਤਾਵਾਂ ਵਿੱਚੋਂ ਸਿਰਫ਼ ਇੱਕ ‘ਤੇ ਸਵੀਕ੍ਰਿਤੀ 6 ਅਕਤੂਬਰ, 2026 ਨੂੰ ਹੀ ਆਈ ਜਦੋਂ ਚੋਣ ਕਮਿਸ਼ਨ ਚਾਰੇ ਪਾਸਿਓਂ ਘਿਰਿਆ ਹੋਇਆ ਸੀ ਅਤੇ ਹਮਲੇ ਹੇਠ ਸੀ।”
ਰਮੇਸ਼ ਨੇ ਦੋਸ਼ ਲਾਇਆ, “ਇਹ ਬਹੁਤ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਈਸੀਆਈਨੈੱਟ ਨੂੰ ਨਵੀਂ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਾਰੀਆਂ ਕਟੌਤੀਆਂ/ਵਾਧਿਆਂ ਨੂੰ ਕੇਂਦਰੀਕ੍ਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ।’’
ਕਾਂਗਰਸ ਆਗੂ ਨੇ ਕਿਹਾ, “ਇਤਫ਼ਾਕਨ ਇਹ ਖੋਜਕਾਰ ਉਹ ਨੌਜਵਾਨ ਹੈ ਜਿਸ ਨੇ ਕੁਝ ਮਹੀਨੇ ਪਹਿਲਾਂ ਸੀ.ਬੀ.ਐੱਸ.ਈ. (CBSE) ਦੇ ਆਈ.ਟੀ. ਸਿਸਟਮ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਸੀ ਜਿਸ ਨੇ ਹੋਰ ਚੀਜ਼ਾਂ ਦੇ ਨਾਲ-ਨਾਲ ਮੰਤਰੀ ਪ੍ਰਧਾਨ ਦੀ ਕਿਸਮਤ ਨੂੰ ਸੀਲ ਕਰ ਦਿੱਤਾ ਸੀ। ਹੁਣ ਪ੍ਰਧਾਨ ਮੰਤਰੀ ਦੀ ਵਾਰੀ ਹੈ।”
ਰਮੇਸ਼ ਦੀਆਂ ਇਹ ਟਿੱਪਣੀਆਂ ‘ਦਿ ਇੰਡੀਅਨ ਐਕਸਪ੍ਰੈਸ’ ਦੀ ਉਸ ਰਿਪੋਰਟ ਤੋਂ ਬਾਅਦ ਆਈਆਂ ਹਨ ਜਿਸ ਵਿੱਚ ਦੱਸਿਆ ਗਿਆ ਹੈ ਕਿ ਚੋਣ ਕਮਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਵਿੱਚ ਘੱਟੋ-ਘੱਟ 14 ਵਾਰ Special Intensive Revision ਪ੍ਰਕਿਰਿਆ ਨਾਲ ਸਬੰਧਤ ਫ਼ੈਸਲਿਆਂ ਅਤੇ ਹੁਕਮਾਂ ‘ਤੇ ਰਿਕਾਰਡ ‘ਤੇ ਇਤਰਾਜ਼ ਜਤਾਇਆ ਸੀ।
ਆਪਣੇ ਦੋ ਕਮਸ਼ਨਰਾਂ ਵੱਲੋਂ ਚੁੱਕੇ ਗਏ ਰੈੱਡ ਫਲੈਗ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੇ ਚੋਣ ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵੱਖੋ-ਵੱਖਰੇ ਵਿਚਾਰ ਅਤੇ ਟਿੱਪਣੀਆਂ ਕਿਸੇ ਵੀ ਸੰਸਥਾ ਵਿੱਚ ਵਿਚਾਰ-ਵਟਾਂਦਰੇ ਦਾ ਹਿੱਸਾ ਹੁੰਦੀਆਂ ਹਨ ਅਤੇ ਇਸ ਦੇ ਸਾਰੇ ਹੁਕਮਾਂ ਨੂੰ ਪੂਰੀ ਕਾਨੂੰਨੀ ਮਨਜ਼ੂਰੀ ਪ੍ਰਾਪਤ ਹੁੰਦੀ ਹੈ ਅਤੇ ਇਹ ਸਥਾਪਿਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹਨ।

