Delhi Akashwani Protest: ਆਕਾਸ਼ਵਾਣੀ ਭਵਨ ’ਚ ਦਾਖ਼ਲ ਹੋਣ ’ਤੇ ਰਾਹੁਲ ਤੇ ਪ੍ਰਿਅੰਕਾ ਖ਼ਿਲਾਫ਼ ਐੱਫ.ਆਈ.ਆਰ.

Delhi Akashwani Protest: ਆਕਾਸ਼ਵਾਣੀ ਭਵਨ ’ਚ ਦਾਖ਼ਲ ਹੋਣ ’ਤੇ ਰਾਹੁਲ ਤੇ ਪ੍ਰਿਅੰਕਾ ਖ਼ਿਲਾਫ਼ ਐੱਫ.ਆਈ.ਆਰ.

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਵਿਰੁੱਧ ਰੋਸ ਮਾਰਚ ਦੌਰਾਨ ਬਿਨਾਂ ਇਜਾਜ਼ਤ ਆਕਾਸ਼ਵਾਣੀ ਭਵਨ ਦੇ ਅੰਦਰ ਦਾਖ਼ਲ ਹੋਣ ਦੇ ਦੋਸ਼ ਹੇਠ ਕਾਂਗਰਸ ਅਗੂਆਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਹੋਰ ਵਿਰੋਧੀ ਧਿਰ ਦੇ ਆਗੂਆਂ ਅਤੇ ਸਮਰਥਕਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕੀਤੀ ਹੈ।

ਪੁਲੀਸ ਅਨੁਸਾਰ ਇਹ ਮਾਮਲਾ ਪ੍ਰਦਰਸ਼ਨਕਾਰੀਆਂ ਵੱਲੋਂ ਇਮਾਰਤ ਅੰਦਰ ਦਾਖ਼ਲ ਹੋਣ ਅਤੇ ਪੁਲੀਸ ਦੀਆਂ ਵਾਰ-ਵਾਰ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਬਾਹਰ ਨਾ ਨਿਕਲਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ‘ਇੰਡੀਆ’ ਗਠਜੋੜ ਦੇ ਮੈਂਬਰ ਪਾਰਲੀਮੈਂਟ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ‘ਨਿਰਵਾਚਨ ਸਦਨ’ ਵੱਲ ਮਾਰਚ ਕਰ ਰਹੇ ਸਨ, ਜਿਸ ਦੌਰਾਨ ਇਹ ਪ੍ਰਦਰਸ਼ਨਕਾਰੀ ਆਕਾਸ਼ਵਾਣੀ ਭਵਨ ਦੇ ਕੰਪਲੈਕਸ ਵਿੱਚ ਵੜ ਗਏ। ਪੁਲੀਸ ਮੁਤਾਬਕ ਰੋਸ ਮਾਰਚ ਸਵੇਰੇ ਲਗਪਗ 10:30 ਵਜੇ ਸ਼ੁਰੂ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਵੱਲੋਂ ਲਗਾਇਆ ਪਹਿਲਾ ਬੈਰੀਕੇਡ ਤੋੜ ਦਿੱਤਾ ਅਤੇ ਨੀਤੀ ਆਯੋਗ ਨੇੜੇ ਦੂਜੇ ਬੈਰੀਕੇਡ ਵੱਲ ਵਧਣ ਲੱਗੇ। ਪੁਲੀਸ ਅਧਿਕਾਰੀਆਂ ਵੱਲੋਂ ਵਾਰ-ਵਾਰ ਲਾਊਡ ਸਪੀਕਰਾਂ ਰਾਹੀਂ ਐਲਾਨ ਕੀਤਾ ਗਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪਿੱਛੇ ਹਟਣ ਦੀ ਅਪੀਲ ਕੀਤੀ ਗਈ।

ਜਦੋਂ ਪ੍ਰਦਰਸ਼ਨਕਾਰੀ ਨਾ ਮੰਨੇ ਤਾਂ ਪੁਲੀਸ ਨੇ 10 ਸੰਸਦ ਮੈਂਬਰਾਂ ਸਮੇਤ ਲਗਪਗ 260 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕਾਨੂੰਨੀ ਕਾਰਵਾਈ ਲਈ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਲੈ ਗਈ।

ਇਸ ਤੋਂ ਬਾਅਦ ਜ਼ਿਆਦਾਤਰ ਪ੍ਰਦਰਸ਼ਨਕਾਰੀ ਉੱਥੋਂ ਚਲੇ ਗਏ, ਪਰ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਪਵਨ ਖੇੜਾ, ਮਨੀਸ਼ ਛੱਤਰਥ ਅਤੇ ਲਗਪਗ 50-60 ਸਮਰਥਕ ਆਕਾਸ਼ਵਾਣੀ ਭਵਨ ਦੇ ਅੰਦਰ ਚਲੇ ਗਏ ਅਤੇ ਉੱਥੇ ਧਰਨੇ ’ਤੇ ਬੈਠ ਗਏ।

ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਰਾਹੁਲ ਗਾਂਧੀ ਹੋਰ ਆਗੂਆਂ ਨਾਲ ਉੱਥੇ ਬੋਹੜ ਦੇ ਰੁੱਖ ਹੇਠਾਂ ਬੈਠੇ ਰਹੇ ਅਤੇ ਜ਼ਿੱਦ ’ਤੇ ਅੜੇ ਰਹੇ ਕਿ ਉਹ ਉਦੋਂ ਹੀ ਜਾਣਗੇ ਜਦੋਂ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਦਾ ਸਮਾਂ ਮਿਲੇਗਾ।

ਪੁਲੀਸ ਅਨੁਸਾਰ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਲਈ ਅਤੇ ਕਾਨੂੰਨੀ ਹੁਕਮਾਂ ਦੀ ਵਾਰ-ਵਾਰ ਉਲੰਘਣਾ ਕਰਨ ’ਤੇ ਇਹ ਕਾਰਵਾਈ ਕੀਤੀ ਗਈ ਹੈ।

Share: