ਨਵੀਂ ਦਿੱਲੀ : ਭਾਵੇਂ ਰਾਤ ਦੇ ਤਕਰੀਬਨ 3 ਵਜੇ ਸਨ ਪਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਸੀ, ਕਿਉਂਕਿ ਇੱਥੇ ਪੁੱਜਣ ’ਤੇ ਭਾਰਤ ਦੇ ਏਸ਼ਿਆਈ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲੇ ਮੁੱਕੇਬਾਜ਼ਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਸਵਾਗਤ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈ ਟੀ ਬੀ ਪੀ) ਦੇ ਬੈਂਡ, ਫੁੱਲਾਂ ਦੇ ਹਾਰਾਂ, ਮਠਿਆਈਆਂ ਨਾਲ ਖ਼ੁਸ਼ੀ ਮਨਾਉਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਅਧਿਕਾਰੀਆਂ ਨੇ ਕੀਤਾ।
ਨਾਗੋਆ ਵਿੱਚ ਯਾਦਗਾਰੀ ਚੁਣੌਤੀ ਤੋਂ ਬਾਅਦ, ਭਾਰਤੀ ਮੁੱਕੇਬਾਜ਼ਾਂ ਦੀ ਟੀਮ ਦਾ ਇਸ ਢੰਗ ਨਾਲ ਸਵਾਗਤ ਕੀਤਾ ਗਿਆ ਜਿਸ ਦੇ ਉਹ ਪੂਰੀ ਤਰ੍ਹਾਂ ਲਾਇਕ ਸਨ। ਇਸ ਮੌਕੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੈ ਸਿੰਘ ਖ਼ੁਦ ਮੌਜੂਦ ਸਨ। ਸੋਨ ਤਗ਼ਮਾ ਜੇਤੂ ਅੰਕੁਸ਼ ਪੰਘਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਮੇਰੇ ਪਰਿਵਾਰਕ ਮੈਂਬਰ ਇੱਥੇ ਆਏ ਹਨ ਅਤੇ ਹੁਣ ਅਸੀਂ ਹੋਰ ਜਸ਼ਨ ਮਨਾਵਾਂਗੇ। ਮੇਰੇ ਪਿੰਡ ਵਿੱਚ ਵੀ ਸਮਾਗਮ ਹੋਵੇਗਾ ਜਿੱਥੇ ਅਸੀਂ ਜਸ਼ਨ ਮਨਾਵਾਂਗੇ।’’ ਉਸ ਨੇ ਕਿਹਾ, ‘‘ਮੈਂ ਕੁਝ ਨਵਾਂ ਸਿੱਖ ਕੇ ਵਾਪਸ ਆਇਆ ਹਾਂ ਅਤੇ ਇਹ ਅੱਗੇ ਓਲੰਪਿਕਸ ਲਈ ਕੁਆਲੀਫਾਈ ਕਰਨ ਦੀ ਪ੍ਰਕਿਰਿਆ ਵਿੱਚ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਲਈ ਮੈਂ ਬਹੁਤ ਖ਼ੁਸ਼ ਹਾਂ।’’ ਪਰਵੀਨ ਹੁੱਡਾ ਲਈ ਇਹ ਜਸ਼ਨ ਖ਼ਾਸ ਤੌਰ ’ਤੇ ਬਹੁਤ ਭਾਵੁਕ ਕਰਨ ਵਾਲਾ ਸੀ, ਜਿਸ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਮੁਅੱਤਲੀ ਕਾਰਨ ਆਪਣਾ ਕਾਂਸੀ ਦਾ ਤਗ਼ਮਾ ਖੋਹੇ ਜਾਣ ਦੇ ਦੁਖ ਤੋਂ ਬਾਅਦ ਸੋਨ ਤਗ਼ਮੇ ਨਾਲ ਵਾਪਸੀ ਕੀਤੀ ਹੈ। ਪਰਵੀਨ ਨੇ ਕਿਹਾ, ‘‘ਪਿਛਲੀ ਵਾਰ ਮੈਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਜੋ ਕਿ ਬਦਕਿਸਮਤੀ ਨਾਲ ਕਿਸੇ ਕਾਰਨ ਵਾਪਸ ਲੈ ਲਿਆ ਗਿਆ ਸੀ ਪਰ ਇਹੀ ਮੇਰੀ ਪ੍ਰੇਰਨਾ ਬਣੀ ਕਿ ਮੈਂ ਵੱਖਰੇ ਰੰਗ (ਸੋਨੇ) ਦੇ ਤਗ਼ਮੇ ਨਾਲ ਵਾਪਸੀ ਕਰਾਂ।’’
ਭਾਰਤੀ ਮੁੱਕੇਬਾਜ਼ਾਂ ਨੇ ਤਿੰਨ ਬੇਮਿਸਾਲ ਸੋਨ ਤਗ਼ਮਿਆਂ ਦੇ ਨਾਲ-ਨਾਲ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ ਅਤੇ ਮਹਿਲਾ ਟੀਮ ਦੇ ਮੁੱਖ ਕੋਚ ਸੈਂਟਿਆਗੋ ਨੀਵਾ ਇਸ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ, ‘‘ਇਹ ਮੁਸ਼ਕਲ ਸੀ ਅਤੇ ਸਾਨੂੰ ਹਰ ਇੱਕ ਮੁਕਾਬਲੇ ਵਿੱਚ ਆਪਣਾ ਸਰਬੋਤਮ ਦੇਣਾ ਪਿਆ। ਤੁਸੀਂ ਕਿਸੇ ਵੀ ਪਲ ਢਿੱਲੇ ਨਹੀਂ ਪੈ ਸਕਦੇ। ਇਹੀ ਕਾਰਨ ਹੈ ਕਿ ਐਨਾ ਚੰਗਾ ਮਹਿਸੂਸ ਹੋ ਰਿਹਾ ਹੈ।’’ ਨੀਵਾ ਨੇ ਕਿਹਾ ਕਿ ਲਵਲੀਨਾ ਬੋਰਗੋਹੇਨ ਵਰਗੇ ਸੀਨੀਅਰ ਮੁੱਕੇਬਾਜ਼ਾਂ ਦੀ ਮੌਜੂਦਗੀ ਵੀ ਟੀਮ ਅੰਦਰ ਜੇਤੂ ਸੱਭਿਆਚਾਰ ਪੈਦਾ ਕਰਨ ਵਿੱਚ ਬਹੁਤ ਮਹੱਤਵਪੂਰਨ ਰਹੀ ਹੈ।

