ਨਾਗੋਆ : ਆਈਚੀ-ਨਾਗੋਆ ਏਸ਼ਿਆਈ ਖੇਡਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਕ੍ਰਿਕਟ ਦੇ ਫਾਈਨਲ ਅਤੇ ਹਾਕੀ ਦੇ ਸੈਮੀ ਫਾਈਨਲ ਮੈਚਾਂ ਨੇ ਇਤਿਹਾਸ ਸਿਰਜ ਦਿੱਤਾ ਹੈ। ਓਲੰਪਿਕ ਕੌਂਸਲ ਆਫ ਏਸ਼ੀਆ (ਓ ਸੀ ਏ) ਨੇ ਐਲਾਨ ਕੀਤਾ ਹੈ ਕਿ ਇਹ ਮੁਕਾਬਲੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਮੈਚ ਬਣ ਗਏ ਹਨ। ਇਨ੍ਹਾਂ ਰੁਮਾਂਚਕ ਮੁਕਾਬਲਿਆਂ ਵਿੱਚ ਭਾਰਤ ਨੇ ਦੋਵਾਂ ਖੇਡਾਂ ਵਿੱਚ ਪਾਕਿਸਤਾਨ ਨੂੰ ਮਾਤ ਦੇ ਕੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਓ ਸੀ ਏ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਤੱਈਅਬ ਇਕਰਾਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਦੋ ਮਹਾਂ-ਮੁਕਾਬਲਿਆਂ ਨੇ ਪ੍ਰਸਾਰਨ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਮੰਨਿਆ ਕਿ ਰਵਾਇਤੀ ਖੇਡ ਪਿੰਡ ਦੀ ਅਣਹੋਂਦ ਅਤੇ ਰਿਹਾਇਸ਼ੀ ਪ੍ਰਬੰਧਾਂ ਕਾਰਨ ਕੁਝ ਚੁਣੌਤੀਆਂ ਅਤੇ ਸ਼ਿਕਾਇਤਾਂ ਜ਼ਰੂਰ ਸਨ, ਪਰ ਪ੍ਰਬੰਧਕਾਂ ਨੇ ਇਨ੍ਹਾਂ ਨੂੰ ਬਾਖ਼ੂਬੀ ਹੱਲ ਕੀਤਾ। ਖਿਡਾਰੀਆਂ ਦੀ ਸਹੂਲਤ ਲਈ ਹੋਟਲ ਕਮਰਿਆਂ ਅਤੇ ਕਰੂਜ਼ ਜਹਾਜ਼ਾਂ ਦੀ ਵਰਤੋਂ ਕੀਤੀ ਗਈ, ਜਿਸ ਨੂੰ ਐਥਲੀਟਾਂ ਨੇ ਹਾਂਦਰੂ ਤੌਰ ’ਤੇ ਅਪਣਾਇਆ। ਓ ਸੀ ਏ ਦੇ ਡਾਇਰੈਕਟਰ ਜਨਰਲ ਹੁਸੈਨ ਅਲ-ਮੁਸਲਮ ਨੇ ਖ਼ੁਲਾਸਾ ਕੀਤਾ ਕਿ ਇਨ੍ਹਾਂ ਖੇਡਾਂ ਦੌਰਾਨ ਕੁੱਲ 212 ਰਿਕਾਰਡ (ਜਿਨ੍ਹਾਂ ਵਿੱਚ 54 ਵਿਸ਼ਵ ਅਤੇ 89 ਏਸ਼ਿਆਈ ਰਿਕਾਰਡ ਸ਼ਾਮਲ ਹਨ) ਟੁੱਟੇ। ਉਨ੍ਹਾਂ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਨੂੰ ਮਿਲੇ ਬਿਹਤਰੀਨ ਮਾਹੌਲ ਸਦਕਾ ਸੰਭਵ ਹੋਈ ਹੈ।
IndiaVsPakistan ਭਾਰਤ-ਪਾਕਿ ਮੈਚਾਂ ਨੇ ਦਰਸ਼ਕਾਂ ਪੱਖੋਂ ਰਿਕਾਰਡ ਤੋੜੇ

