ਸਾਰੇ ਸੰਸਾਰ ਨੂੰ ਜੀਵਨ ਸੇਧ ਦੇਣ ਵਾਲੇ ਗੁਰੂ ਨਾਨਕ ਸਾਹਿਬ ਤੁਲ ਕੋਈ ਹੋਰ ਨਹੀ ਹੈ I ਭਗਤਾਂ , ਗੁਰਮੁਖਾਂ ਹੀ ਨਹੀਂ ਪਾਪੀਆਂ , ਦੋਖੀਆਂ , ਅਗਿਆਨੀਆਂ , ਪਖੰਡੀਆਂ , ਠੱਗਾਂ ਨੂੰ ਵੀ ਸ਼ਰਨ ਦੇ ਉਨ੍ਹਾਂ ਦੇ ਪਾਪ ਬਖਸਣ ਵਾਲੇ ਤੇ ਸੰਸਾਰਕ ਬਿਖਾਂ ਤੋਂ ਉਬਾਰ ਲੈਣ ਵਾਲੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਅਕੱਥ ਹੈ I ਜੋ ਉਨ੍ਹਾਂ ਦੀ ਸ਼ਰਨ ਆਇਆ ਉਸ ਦਾ ਉੱਧਾਰ ਹੋ ਗਿਆ I ਭੁੱਲਿਆਂ ਨੂੰ ਗੁਰੂ ਸਾਹਿਬ ਨੇ ਆਪ ਮਿਹਰ ਕਰ ਬਖਸ਼ ਦਿੱਤਾ। ਜੋ ਗੁਰੂ ਨਾਨਕ ਸਾਹਿਬ ਦੀ ਉਸਤਤ ਕਰ ਰਿਹਾ ਹੈ , ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਰਿਹਾ ਹੈ ਉਹ ਸਿੱਖ ਹੈ I ਜੋ ਉਨ੍ਹਾਂ ਤੋਂ ਵੇਮੁਖ ਹੈ ਗੁਰੂ ਨਾਨਕ ਸਾਹਿਬ ਉਸ ਨੂੰ ਵੀ ਪ੍ਰੇਰਿਤ ਕਰਨ ਲਈ ਆਵਾਜ ਮਾਰ ਰਹੇ ਹਨ “ ਸੁਣਿ ਸੁਣਿ ਸਿਖ ਹਮਾਰੀ “ I ਗੁਰੂ ਨਾਨਕ ਸਾਹਿਬ ਮਨੁੱਖ ਦੇ ਅੱਠੋ ਪਹਿਰ ਦੇ ਸੰਗੀ , ਸਹਾਈ ਹਨ I ਆਪ ਹਰ ਮਨੁੱਖ ਦੀ ਜੀਵਨ ਯਾਤਰਾ ਵਿੱਚ ਉਸ ਦੇ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ I ਜਦੋਂ ਵੀ ਮਨੁੱਖ ਉਨ੍ਹਾਂ ਦਾ ਧਿਆਨ ਧਰੇ ਉਹ ਨੇੜੇ ਤੋਂ ਨੇੜੇ ਖੜੋਤੇ ਨਜਰ ਆਉਂਦੇ ਹਨ I ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਸੱਤਾ ਸਦਾ ਕਾਇਮ ਰਹਿਣ ਵਾਲੀ ਤੇ ਪੂਰੀ ਤਰਹ ਅਡੋਲ ਹੈ । ਉਨ੍ਹਾਂ ਦੀ ਸੱਤਾ ਸਦਾ ਹੀ ਮੌਜੂਦ ਤੇ ਦ੍ਰਿਸ਼ਟੀਮਾਨ ਹੈ I ਗੁਰੂ ਨਾਨਕ ਸਾਹਿਬ ਚੰਦਨ ਦੇ ਬਿਰਖ ਦੀ ਤਰਹ ਹਨ I ਚੰਦਨ ਬਿਰਖ ਜਿੱਥੇ ਵੀ ਉੱਗਦਾ ਹੈ , ਆਪਣੀ ਸੁਗੰਧ ਨਾਲ ਆਸ ਪਾਸ ਦੀਆਂ ਸਾਰੀਆਂ ਵਨਸਪਤੀਆਂ ਨੂੰ ਭਰਪੂਰ ਕਰ ਦਿੰਦਾ ਹੈ I ਇਵੇਂ ਹੀ ਗੁਰੂ ਨਾਨਕ ਸਾਹਿਬ ਦੀ ਸਰਬ ਵਿਆਪੀ ਸੱਤਾ ਪੂਰੀ ਲੋਕਾਈ ਨੂੰ ਗੁਰਬਾਣੀ ਰਾਹੀਂ ਆਪਣੀ ਕਿਰਪਾ ਨਾਲ ਤਾਰਨ ਵਾਲੀ ਹੈ I ਇਸ ਵਿੱਚ ਕੋਈ ਭੇਦਭਾਵ ਨਹੀ I
ਸੰਸਾਰਕ ਮਨੁੱਖ ਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦੇ ਪੁਰਬ ਤੇ ਯਾਦ ਕਰਦਾ ਹੈ I ਕੋਈ ਗੁਰਮੁਖ ਹਰ ਦਿਨ ਯਾਦ ਕਰਦਾ ਹੈ I ਪਰ ਗੁਰੂ ਨਾਨਕ ਸਾਹਿਬ ਆਪਨੇ ਜਨ ਨੂੰ ਅੱਠੋ ਪਹਿਰ ਯਾਦ ਰੱਖਦੇ ਹਨ I ਪਲ – ਪਲ ਉਸ ਦੀ ਸੰਭਾਲ ਕਰਦੇ ਹਨ I ਜੀਵਨ ਦੀ ਹਰ ਸਥਿਤੀ , ਹਰ ਸੁਖ – ਦੁਖ ਵਿੱਚ ਉਸ ਦੇ ਨਾਲ ਰਹਿੰਦੀਆਂ ਆਪਣੀ ਮਿਹਰ ਦੀ ਬਾਰਿਸ਼ ਕਰ ਰਹੇ ਹਨ I ਮਨੁੱਖ ਰਾਤ ਗੁਜਾਰ ਕੇ ਜਦੋਂ ਨੀਂਦ ਤੋਂ ਉੱਠਦਾ ਹੈ , ਗੁਰੂ ਨਾਨਕ ਸਾਹਿਬ ਉਸ ਦੀਆਂ ਨਜਰਾਂ ਦੇ ਸਾਹਮਣੇ , ਉਸ ਨੂੰ ਦੁਲਾਰਦੇ ਨਜਰ ਆਉਂਦੇ ਹਨ “ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ “ I ਮਨੁੱਖ ਦਾ ਜਾਗਣਾ ਤਾਂ ਹੀ ਲਾਭਦਾਇਕ ਹੈ ਜਦੋਂ ਉਹ ਆਪਣਾ ਸਮਾਂ ਪਰਮਾਤਮਾ ਦੀ ਭਗਤੀ ਵਿੱਚ , ਸ਼ੁਭ ਕਰਮ ਕਰਦਿਆਂ , ਸਹਿਜ , ਸੰਤੋਖ ਦੀ ਅਵਸਥਾ ਪਰਿਪੱਕ ਕਰਨ ਵਿੱਚ ਲਾਏ I ਭਾਈ ਗੁਰਦਾਸ ਜੀ ਕੁਰਬਾਨ ਜਾਂਦੇ ਉਨ੍ਹਾਂ ਗੁਰਸਿੱਖਾਂ ਤੋਂ ਜੋ ਰਾਤ ਦੇ ਅੰਤਿਮ ਪਹਿਰ ‘ਚ ਉੱਠ ਜਾਂਦੇ ਹਨ ਤੇ ਪਰਮਾਤਮਾ ਦਾ ਨਾਮ ਜੱਪਦੇ ਹਨ I ਗੁਰੂ ਨਾਨਕ ਸਾਹਿਬ ਦੀ ਪ੍ਰੇਰਨਾ ਤੇ ਦਿਨ ਦੇ ਅੱਠੋ ਪਹਿਰ ਦਾ ਸਮਾਂ ਅੰਮ੍ਰਿਤ ਵੇਲਾ ਬਣਾਉਣ ਦੀ ਹੈ I ਆਪ ਨੇ ਵਚਨ ਕੀਤੇ ਕਿ ਮਨੁੱਖ ਦੇ ਮਨ ਅੰਦਰ ਪਰਮਾਤਮਾ ਦੀ ਭਗਤੀ ਦੀ ਭੁੱਖ ਪੈਦਾ ਹੋ ਜਾਏ I ਮਨ ਅੰਦਰ ਪਰਮਾਤਮਾ ਲਈ ਪ੍ਰੇਮ ਭਾਵਨਾ ਸਦਾ ਵਿਹਵਲ ਕਰਦੀ ਰਹੇ ਤਾਂ ਹੀ ਵਿਕਾਰਾਂ , ਪਾਪਾਂ , ਮਾਇਆ ਦੇ ਬਿਖ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ I ਗੁਰੂ ਸਾਹਿਬ ਨੇ ਵਚਨ ਕੀਤੇ ਕਿ ਮਨ ਅੰਦਰ ਪਰਮਾਤਮਾ ਦੀ ਭਗਤੀ ਭਾਵਨਾ ਨਹੀ ਚੱਲ ਰਹੀ ਤਾਂ ਇਹ ਮਨੁੱਖ ਦੀ ਆਤਮਿਕ ਮੌਤ ਹੈ I
ਪਰਮਾਤਮਾ ਦਾ ਧਿਆਨ ਧਰਨਾ ਸਭ ਤੋਂ ਔਖਾ ਕੰਮ ਹੈ I ਮਨੁੱਖ ਦੀਆਂ ਅੱਖਾਂ ਖੁੱਲਦੀਆਂ ਹੀ ਕਈ ਸਾਂਸਾਰਿਕ ਰਸ , ਰੰਗ ਉਸ ਨੂੰ ਭਰਮਾਉਣ , ਲੁਭਾਉਣ , ਭਟਕਾਉਣ ਲਈ ਸ਼ੋਰ ਮਚਾਉਣ ਲੱਗਦੇ ਹਨ I ਗੁਰੂ ਨਾਨਕ ਸਾਹਿਬ ਇੱਥੇ ਵੀ ਉਸ ਨੂੰ ਬਚਾਉਣ ਲਈ ਹਾਜਰ ਨਾਜਰ ਰਹਿੰਦੇ ਹਨ . ਮਨੁੱਖ ਦੀ ਧਨ , ਦੌਲਤ , ਜਾਇਦਾਦ ਉਸ ਨੂੰ ਆਪਨੇ ਮੋਹ ਵਿੱਚ ਬੰਨਣ ਲਈ ਤਿਆਰ ਹੁੰਦੀ ਹੈ I ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਹੋ ਸੱਕਦਾ ਹੈ ਕਿ ਮਨੁੱਖ ਦੇ ਮਹਿਲ ਮੋਤੀਆਂ ਨਾਲ ਉਸਾਰੇ ਗਏ ਹੋਣ , ਜਿਨ੍ਹਾਂ ਵਿੱਚ ਕੀਮਤੀ ਰਤਨ ਜੜੇ ਹੋਣ I ਹੋ ਸੱਕਦਾ ਹੈ ਕਿ ਉਸ ਦੇ ਮਹਿਲ ਨੂੰ ਚੰਦਨ ਨਾਲ ਲੀਪਿਆ ਗਿਆ ਹੋਵੇ ਤੇ ਫਰਸ਼ ਹੀਰੇ , ਲਾਲ ਰਤਨ ਨਾਲ ਜੜੇ ਹੋਣ I ਉਸ ਦੇ ਮਹਿਲ ਅੰਦਰ ਪਲੰਘ ਵੀ ਹੀਰਿਆਂ ਜੜੇ ਹੋਣ . ਉਸ ਦਾ ਤਨ ਆਪਾਰ ਰੂਪ , ਰੰਗ ਦਾ ਮੁਜੱਸਮਾ ਹੋਵੇ I ਪਰ ਉਸ ਨੂੰ ਸੁਚੇਤ ਰਹਿਣਾ ਚਾਹੀਦੇ ਕਿ ਇਸ ਸ਼ੋਭਾ ਵਿੱਚ ਰਮ ਕੇ ਕਿਤੇ ਪਰਮਾਤਮਾ ਦਾ ਨਾਮ ਨਾ ਵਿਸਰ ਜਾਏ I ਹੋ ਸੱਕਦਾ ਹੈ ਕੋਈ ਬਹੁਤ ਵੱਡਾ ਸਾਧਕ , ਜਤੀ , ਤਪੀ ਹੋਵੇ ਜਿਸ ਨੇ ਕਈ ਰਿਧਿਆਂ , ਸਿਧਿਆਂ ਪ੍ਰਾਪਤ ਕਰਨ ਲਈਆਂ ਹੋਣ ਤੇ ਆਪਣੀ ਇੱਛਾ ਨਾਲ ਅਲੋਪ ਜਾਂ ਪਰਗਟ ਹੋਣ ਦੀ ਸ਼ਕਤੀ ਵੀ ਹਾਸਿਲ ਕਰ ਲਵੇ I ਪਰਮਾਤਮਾ ਨੂੰ ਵਿਸਾਰ ਦੇਣਾ ਉਸ ਦੇ ਵੀ ਹਿਤ ‘ਚ ਨਹੀ ਹੈ I ਗੁਰੂ ਨਾਨਕ ਸਾਹਿਬ ਨੇ ਅੱਗੇ ਵਚਨ ਕੀਤੇ ਕਿ ਹੋ ਸੱਕਦਾ ਹੈ ਕਿ ਕੋਈ ਬਹੁਤ ਵੱਡਾ ਰਾਜ ਪਾਟ ਪ੍ਰਾਪਤ ਕਰ ਲਵੇ ਤੇ ਵੱਡੀਆਂ ਰਾਜਸੀ ਸ਼ਕਤੀਆਂ ਦਾ ਮਾਲਿਕ ਬਣ ਜਾਏ I ਉਸ ਨੂੰ ਵੀ ਕਦੇ ਪਰਮਾਤਮਾ ਦੀ ਹੋਂਦ , ਉਸ ਦੀ ਭਗਤੀ ਨੂੰ ਭੁੱਲਣਾ ਨਹੀ ਚਾਹੀਦਾ I ਗੁਰੂ ਨਾਨਕ ਸਾਹਿਬ ਨੇ ਇਸ ਤਰਹ ਮੁੱਖ ਰੂਪ ਵਿੱਚ ਧਨ ਸ਼ਕਤੀ , ਧਰਮ ਸ਼ਕਤੀ ਤੇ ਰਾਜਸੀ ਸ਼ਕਤੀ ਦੀ ਪਛਾਣ ਕੀਤੀ ਜੋ ਕਿਸੇ ਵੀ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਸਕਦੀਆਂ ਹਨ I ਮੋਟੇ ਤੌਰ ਤੇ ਇਹੋ ਸ਼ਕਤੀਆਂ ਹੀ ਮਨੁੱਖ ਅੰਦਰ ਹੰਕਾਰ ਤੇ ਹੋਰ ਵਿਕਾਰ ਪੈਦਾ ਕਰਨ ਦਾ ਕਾਰਨ ਬਣਦੀਆਂ ਹਨ I ਮਨੁੱਖ ਇਨ੍ਹਾਂ ਕਾਰਨ ਹੀ ਵੈਰ ਵਿਰੋਧ , ਈਰਖਾ , ਨਿੰਦਿਆ , ਫਰੇਬ ਦਾ ਸ਼ਿਕਾਰ ਬਣਦਾ ਹੈ I ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਆਪਣੇ ਜੀਵਨ ਦਾ ਜਿਆਦਾ ਸਮਾਂ ਧਨ ਸ਼ਕਤੀ , ਧਰਮ ਸ਼ਕਤੀ , ਰਾਜਸੀ ਸ਼ਕਤੀ ਦੇ ਕਿਸੇ ਨੇ ਕਿਸੇ ਰੂਪ ਦੇ ਮੋਹ ਵਿੱਚ ਹੀ ਬਤੀਤ ਕਰਦਾ ਹੈ I ਇਹੋ ਉਸ ਦੇ ਦੁੱਖਾਂ ਦੇ ਮੂਲ ਕਾਰਨ ਹਨ I ਹਰ ਯੁਗ ਵਿੱਚ ਮਨੁੱਖ ਜੀਵਨ ਇਨ੍ਹਾਂ ਤਿੰਨ ਤ੍ਰਿਸ਼ਨਾਵਾਂ ਦੇ ਇਰਦ ਗਿਰਦ ਹੀ ਖੁਆਰ ਹੁੰਦਾ ਆਇਆ ਹੈ I ਅੱਜ ਵੀ ਜੇ ਸੰਸਾਰ ਅੰਦਰ ਤੀਜੇ ਵਿਸ਼ਵ ਯੁੱਧ ਦੇ ਆਸਾਰ ਵਿਖਾਈ ਦਿੰਦੇ ਹਨ ਤਾਂ ਇਨ੍ਹਾਂ ਕਾਰਨ ਹੀ I ਗੁਰੂ ਨਾਨਕ ਸਾਹਿਬ ਦੇ ਸ਼ਬਦ ਮਨੁੱਖਤਾ ਨੂੰ ਇਸ ਖੁਆਰੀ , ਬਦਹਾਲੀ ਤੇ ਵਿਨਾਸ਼ ਤੋਂ ਬਚਾਉਣ ਵਾਲੇ ਹਨ I ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਜੋ ਬੋਲ ਰਿਹਾ ਹੈ , ਜੋ ਛੱਕ ਰਿਹਾ ਹੈ ਸਭ ਪਹਿਲਾਂ ਤੋਂ ਮਿਥਿਆ ਹੋਇਆ ਹੈ I ਉਹ ਚੱਲ ਰਿਹਾ ਹੈ , ਜੋ ਵੇਖ ਰਿਹਾ ਹੈ , ਸੁਣ ਰਿਹਾ ਹੈ , ਉਹ ਸਭ ਵੀ ਲਿਖਿਆ ਹੋਇਆ ਲੇਖ ਹੈ I ਇੱਥੋਂ ਤੱਕ ਕਿ ਉਹ ਜਿੰਨੇ ਸਵਾਸ ਲੈ ਰਿਹਾ ਹੈ ਉਸ ਹੀ ਪਰਮਾਤਮਾ ਦੇ ਬਖਸ਼ੇ ਹੋਏ ਹਨ I ਇਹੋ ਸਚ ਹੈ ਕਿ ਸੰਸਾਰ ਅੰਦਰ ਜੋ ਕੁਝ ਵਰਤ ਰਿਹਾ ਹੈ ਸਭ ਪਰਮਾਤਮਾ ਦੇ ਹੁਕਮ ਅੰਦਰ ਹੈ I ਪਰਮਾਤਮਾ ਦੀ ਕਿਰਪਾ ਤੇ ਮੰਸ਼ਾ ਬਿਨਾ ਕੁੱਝ ਵੀ ਸੰਭਵ ਨਹੀ ਹੈ I ਫਿਰ ਗੁਮਾਨ , ਹੰਕਾਰ ਕਿਸ ਗੱਲ ਦਾ , ਵੈਰ ਵਿਰੋਧ , ਸੰਘਰਸ਼ ਕਿਸ ਗੱਲ ਦਾ I ਕਲਿਯੁਗ ਅੰਦਰ ਮਨੁੱਖ ਦੇ ਕਰਮ ਹੀ ਉਸ ਨੂੰ ਨਿਘਾਰ ਵੱਲ ਲਿਜਾਣ ਵਾਲੇ ਹਨ I ਮਨੁੱਖ ਦਿਨ ਭਰ ਲੋਭ , ਕੁਚੱਜ , ਠੱਗੀ , ਪਰ ਨਿੰਦਾ , ਈਰਖਾ ਜਾਂ ਕ੍ਰੋਧ ਆਦਿਕ ਵਿਕਾਰਾਂ ਦੀ ਗੁਲਾਮੀ ਕਰਦਾ ਰਹਿੰਦਾ ਹੈ I ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਲੋਭ ਕਿਸੇ ਕੁੱਤੇ ਦਾ ਸੁਭਾਅ ਹੈ I ਕੂੜ੍ਹ ਕਰਮ , ਕੁਚੱਜ ਸਭ ਤੋਂ ਨਿਖਿੱਧ ਕਰਮ ਹੈ I ਠੱਗੀ , ਭੇਖ , ਆਡੰਬਰ , ਪਖੰਡ ਕਿਸੇ ਸੜ ਗਏ ਮੁਰਦੇ ਨੂੰ ਖਾਨ ਜਿਹਾ ਹੈ I ਇਵੇਂ ਹੀ ਦੂਜਿਆਂ ਦੀ ਨਿੰਦਾ ਅਭੱਖ ਖਾਨ ਜਿਹੀ ਤੇ ਕ੍ਰੋਧ , ਈਰਖਾ ਆਦਿਕ ਵਿਕਾਰ ਸ਼ਮਸ਼ਾਨ ਅੰਦਰ ਮੁਰਦਾ ਸਾੜਨ ਲਈ ਬਾਲੀ ਗਈ ਅੱਗ ਜਿਹੇ ਹਨ I ਲੋਭੀ , ਕੂੜ੍ਹ ਕਰਮ ਕਰਨ ਵਾਲੇ , ਨਿੰਦਕ , ਪਾਖੰਡੀ , ਵਿਕਾਰੀ ਨੂੰ ਗੁਰੂ ਨਾਨਕ ਸਾਹਿਬ ਦੇ ਵਚਨ ਹਰ ਪਲ ਕਦਮ ਅੱਗੇ ਚੁੱਕਣ ਤੋਂ ਰੋਕਣ ਵਾਲੇ ਹਨ I ਗੁਰੂ ਸਾਹਿਬ ਨੇ ਕਿਹਾ ਕਿ ਇਹ ਕੂੜ੍ਹ ਦਾ ਨਸ਼ਾ ਵੀ ਪਰਮਾਤਮਾ ਨੇ ਵੀ ਵਰਤਾਇਆ ਹੋਇਆ ਹੈ ਪਰ ਨਾਮ ਜਪਣ ਵਾਲੇ ਤੇ ਸਚ ਨੂੰ ਪਛਾਨਣ ਵਾਲੇ ਇਸ ਤੋਂ ਬਚ ਜਾਂਦੇ ਹਨ I ਕੂੜ੍ਹ ਦੇ ਮਾਰਗ ਤੇ ਚੱਲਣ ਵਾਲੇ ਜਿੱਥੇ ਸ਼ਮਸ਼ਾਨ ਵਿੱਚ ਮੁਰਦਾ ਜਲਾਉਣ ਲਈ ਬਾਲੀ ਗਈ ਅਗਨੀ ਜਿਹੀ ਅੱਗ ਵਿੱਚ ਦਿਨ ਰਾਤ ਬਲਦੇ ਰਹਿੰਦੇ ਹਨ I ਨਾਮ ਜਪਣਾ ਤੇ ਸਤ ਦੇ ਮਾਰਗ ਤੇ ਚੱਲਣਾ ਵਡਿਆਈਆਂ ਦੇਣ ਵਾਲਾ ਹੈ I
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ !!
ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ !!
( ਪੰਨਾ ੧੬ )
ਨਾਮ ਜਪਣਾ , ਸਤ ਧਾਰਨ ਕਰਣਾ ਵਡਿਆਈ ਦੇ ਜਲ ਵਿੱਚ ਇਸਨਾਨ ਕਰਨ ਤੇ ਤਨ ਮਨ ਸੁਗੰਧਿਤ ਕਰਨ ਵਾਲਾ ਹੈ . ਨਾਮ ਤੋਂ ਵੱਡੀ ਕੋਈ ਪੂੰਜੀ ਨਹੀ ਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਫਲ ਜਿਹਾ ਕੋਈ ਫਲ ਨਹੀ ਹੈ I ਗੁਰੂ ਨਾਨਕ ਸਾਹਿਬ ਨੇ ਸਵੀਕਾਰ ਕੀਤਾ ਕਿ ਨਾਮ ਜਪਣਾ ਕਠਿਨ ਹੈ I ਪਰ ਇੱਕ ਨਾਮ ਹੀ ਹੈ ਜੋ ਇੰਦ੍ਰਿਆਂ ਨੂੰ ਵੱਸ ‘ਚ ਕਰ ਕੇ ਉਬਾਰਨ ਵਾਲਾ ਹੈ I ਜੋ ਨਾਮ ਨਹੀ ਜਪ ਰਹੇ , ਦਿਨ ਰਾਤ ਲੁੱਟੇ ਜਾ ਰਹੇ ਹਨ I ਨਾਮ ਬਿਨਾ ਜੀਵਨ ਵਿਅਰਥ ਗੁਆ ਰਹੇ ਹਨ I ਮਨੁੱਖ ਨਾਮ ਜਪਣ ਨੂੰ ਕੋਈ ਭੌਤਿਕ ਕਿਰਿਆ ਨਾ ਬਣਾ ਲਵੇ ਇਸ ਲਈ ਗੁਰੂ ਨਾਨਕ ਸਾਹਿਬ ਸੁਚੇਤ ਕਰਦੇ ਚੱਲਦੇ ਹਨ I ਗੁਰੂ ਸਾਹਿਬ ਦੀ ਪਹਿਲੀ ਵਰਜਣਾ ਹੈ “ ਗੁਰਮਤਿ ਚਾਲ ਨਿਹਚਲ ਨਹੀ ਡੋਲੈ “ I ਨਾਮ ਜਪਣਾ ਤਾਂ ਹੀ ਸਫਲ ਹੈ ਜੇ ਮਨ ਅੰਦਰ ਪਰਮਾਤਮਾ ਤੇ ਪੱਕਾ ਭਰੋਸਾ ਹੋਵੇ I ਕੋਈ ਵੱਡੇ ਤੋਂ ਵੱਡਾ ਸੰਕਟ ਆਵੇ , ਵਿਘਨ ਪੈਦਾ ਹੋਵੇ , ਪਰਮਾਤਮਾ ਤੇ ਵਿਸ਼ਵਾਸ ਅਡੋਲ ਰਹੇ I ਨਾਮ ਜਪਣ ਵਾਲੀਆਂ ਲਈ ਦੂਜੀ ਹਿਦਾਇਤ ਹੈ ਕਿ “ ਪੀਵੈ ਅੰਮ੍ਰਿਤੁ ਤਤੁ ਵਿਰੋਲੈ “ I ਨਾਮ ਜਪਣਾ , ਪਰਮਾਤਮਾ , ਸੰਸਾਰ ਤੇ ਜੀਵਨ ਦੇ ਸਚ ਨੂੰ ਸਮਝਨਾ ਤੇ ਧਾਰਨ ਕਰਣਾ ਹੈ I ਸਚ ਜੀਵਨ ਅੰਦਰ ਨਹੀ ਤਾਂ ਭਗਤੀ ਨਹੀ ਹੋ ਸੱਕਦੀ I ਮਨੁੱਖ ਤਾਂ ਇਕ ਰਾਤ ਦਾ ਮਿਹਮਾਨ ਬਣ ਕੇ ਸੰਸਾਰ ਅੰਦਰ ਆਇਆ ਹੈ I ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਸਾਰ ਜਿਸ ਨੇ ਪ੍ਰਾਪਤ ਕਰ ਲਿਆ ਉਹ ਨਿਰਲੇਪ ਹੋ ਗਿਆ I ਮਨੁੱਖ ਸੰਸਾਰ ਅੰਦਰ ਜੀਵਨ ਜਿਉਣ ਲਈ ਉੰਨੇ ਹੀ ਸਬੰਧ ਬਨਾਏ ਜਿੰਨੇ ਇਕ ਮਿਹਮਾਨ ਬਣਾਉਂਦਾ ਹੈ I ਗੁਰੂ ਨਾਨਕ ਸਾਹਿਬ ਨੇ ਇਸ ਲਈ ਇੰਦ੍ਰਿਆਂ ਤੇ ਮਨ ਦੇ ਸੰਜਮ ਦੀ ਸਿਖਿਆ ਦਿੱਤੀ ਜੋ ਸੰਸਾਰ ਦੇ ਰਸ ਭੋਗਦਿਆਂ ਯਾਦ ਰੱਖੀ ਜਾਣੀ ਚਾਹੀਦੀ ਹੈ I ਜੀਵਨ ਜਿਹਵਾ ਦੇ ਸੁਆਦਾਂ , ਤਨ ਦੇ ਸਾਜ ਸਿੰਗਾਰ , ਸੈਰ ਸਪਾਟੀਆਂ , ਤੇ ਭੋਗ ਵਿਲਾਸ ਵਿੱਚ ਹੀ ਨਾ ਗੁਜਰ ਜਾਏ ਜੋ ਜੀਵਨ ਨੂੰ ਦੁਖਦਾਈ ਬਣਾਉਣ ਵਾਲੇ ਹਨ I ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਸਮਾਜ ਤੇ ਨਿਜੀ ਤੌਰ ਤੇ ਮਨੁੱਖ ਦੇ ਨਾਲ ਨਾਲ ਚੱਲਦੇ ਹਨ I ਉਹ ਮਨੁੱਖ ਦੇ ਮਨ ਤੇ ਅੰਕੁਸ਼ ਦੀ ਤਰਹ ਹਨ I ਕੀ ਪਤਾ ਕਦੋਂ ਭਾਈ ਲਹਿਣਾ ਜੀ , ਸ੍ਰੀ ਅਮਰਦਾਸ ਜੀ ਵਾਂਗੂੰ ਕੰਨਾਂ ਵਿੱਚੋਂ ਹੁੰਦੀਆਂ ਗੁਰੂ ਸ਼ਬਦ ਸਾਡੇ ਮਨ ਤੱਕ ਜਾ ਪੁੱਜੇ ਤੇ ਜੀਵਨ ਸਫਲ ਹੋ ਜਾਏ I ਗੁਰੂ ਨਾਨਕ ਸਾਹਿਬ ਤਾਂ ਜਨ ਜਨ ਦੇ ਤਾਰਣਹਾਰ ਹਨ I

