ਨਾਗੋਆ : ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ (ਜੈਵਲਿਨ ਥਰੋਅ) ਦੇ ਮੁਕਾਬਲੇ ਵਿੱਚ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਸ੍ਰੀਲੰਕਾ ਦੇ ਰਮੇਸ਼ ਥਰੰਗਾ ਨੇ ਭਾਰਤ ਦੀਆਂ ਸੋਨ ਤਗ਼ਮਾ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਪਰ ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤਣ ਵਿੱਚ ਕਾਮਯਾਬ ਰਹੇ। ਮੁਕਾਬਲੇ ਵਿੱਚ ਰਮੇਸ਼ ਥਰੰਗਾ ਨੇ 88.55 ਮੀਟਰ ਨੇਜ਼ਾ ਸੁੱਟ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਯਸ਼ਵੀਰ ਨੇ 85.72 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਚਾਂਦੀ ਜਿੱਤੀ; ਰੋਹਿਤ ਯਾਦਵ ਨੇ 84.35 ਮੀਟਰ ਨਾਲ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਦੂਜੇ ਪਾਸੇ ਪਾਕਿਸਤਾਨ ਦਾ ਮੌਜੂਦਾ ਓਲੰਪਿਕ ਚੈਂਪੀਅਨ ਅਤੇ ਏਸ਼ਿਆਈ ਰਿਕਾਰਡ ਧਾਰਕ ਅਰਸ਼ਦ ਨਦੀਮ 80.29 ਮੀਟਰ ਦੀ ਥਰੋਅ ਨਾਲ ਚੌਥੇ ਸਥਾਨ ’ਤੇ ਰਿਹਾ। ਉਸ ਦੀਆਂ ਚਾਰ ਕੋਸ਼ਿਸ਼ਾਂ ਫਾਊਲ ਰਹੀਆਂ। ਮੁਕਾਬਲੇ ਦੇ ਸ਼ੁਰੂ ਵਿੱਚ ਯਸ਼ਵੀਰ ਨੇ 83.56 ਮੀਟਰ ਦੀ ਥਰੋਅ ਨਾਲ ਲੀਡ ਬਣਾਈ ਸੀ, ਪਰ ਤੀਜੇ ਗੇੜ ਵਿੱਚ ਰੋਹਿਤ 84.35 ਮੀਟਰ ਨੇਜ਼ਾ ਸੁੱਟ ਕੇ ਸਿਖਰ ’ਤੇ ਪੁੱਜ ਗਿਆ। ਅੱਧੇ ਮੁਕਾਬਲੇ ਤੱਕ ਦੋਵੇਂ ਭਾਰਤੀ ਖਿਡਾਰੀ ਪਹਿਲੇ ਦੋ ਸਥਾਨਾਂ ’ਤੇ ਕਾਬਜ਼ ਸਨ। ਹਾਲਾਂਕਿ ਚੌਥੇ ਗੇੜ ’ਚ ਰਮੇਸ਼ ਨੇ 88.33 ਮੀਟਰ ਦੀ ਥਰੋਅ ਕਰ ਕੇ ਪਾਸਾ ਪਲਟ ਦਿੱਤਾ ਅਤੇ ਆਪਣੀ ਆਖਰੀ ਕੋਸ਼ਿਸ਼ ਵਿੱਚ ਇਸ ਨੂੰ 88.55 ਮੀਟਰ ਤੱਕ ਪਹੁੰਚਾ ਦਿੱਤਾ। ਇਸ ਮਗਰੋਂ ਯਸ਼ਵੀਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਪੰਜਵੇਂ ਗੇੜ ਵਿੱਚ 85.14 ਅਤੇ ਛੇਵੇਂ ਗੇੜ ਵਿੱਚ 85.72 ਮੀਟਰ ਨੇਜ਼ਾ ਸੁੱਟ ਕੇ ਰੋਹਿਤ ਨੂੰ ਪਛਾੜਦਿਆਂ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ।
ਇਸ ਨਤੀਜੇ ਨਾਲ ਭਾਰਤ ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ ਮੁਕਾਬਲੇ ਵਿੱਚ ਦੋ ਤਗ਼ਮੇ ਜਿੱਤੇ ਹਨ। ਹਾਂਗਜ਼ੂ ਖੇਡਾਂ ਵਿੱਚ ਨੀਰਜ ਚੋਪੜਾ ਨੇ ਸੋਨਾ ਅਤੇ ਕਿਸ਼ੋਰ ਜੇਨਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸੱਟ ਕਾਰਨ ਇਸ ਵਾਰ ਨੀਰਜ ਆਪਣਾ ਖ਼ਿਤਾਬ ਬਚਾਉਣ ਨਹੀਂ ਉਤਰ ਸਕਿਆ।

