ਨਾਗੋਆ : ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਬਾਂਹ ਅਤੇ ਮੋਢੇ ਦੇ ਦਰਦ ਦੇ ਬਾਵਜੂਦ ਲਗਾਤਾਰ ਪੰਜ ਸ਼ੂਟ-ਆਫ ਵਿੱਚ ਜੂਝਦਿਆਂ ਏਸ਼ਿਆਈ ਖੇਡਾਂ ’ਚ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਦੁਨੀਆਂ ਦੀ ਦੀ ਨੰਬਰ ਇਕ ਖਿਡਾਰਨ ਈਸ਼ਾ ਨੇ ਫਾਈਨਲ ਵਿੱਚ ਵੀਅਤਨਾਮ ਦੀ ਤ੍ਰਿਨ ਥੂ ਵਿਨਹ ਖ਼ਿਲਾਫ਼ ਤਿੰਨ ਅਤੇ ਚੀਨ ਦੀ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਜਿਆਰੁਇਸ਼ੁਆਨ ਸ਼ਿਆਓ ਖ਼ਿਲਾਫ਼ ਦੋ ਸ਼ੂਟ-ਆਫ ਖੇਡੇ, ਜਿਸ ਨੇ ਉਸ ਦੇ ਹੁਨਰ ਅਤੇ ਸਬਰ ਦੀ ਸਖ਼ਤ ਪ੍ਰੀਖਿਆ ਲਈ। ਸੋਨੇ ਦੇ ਤਗ਼ਮੇ ਲਈ ਮੁਕਾਬਲੇ ਵਿੱਚ ਈਸ਼ਾ ਦਾ ਸਾਹਮਣਾ ਚੀਨ ਦੀ ਨਿਸ਼ਾਨੇਬਾਜ਼ ਨਾਲ ਸੀ। ਦੋਵਾਂ ਨੇ 38 ਨਿਸ਼ਾਨੇ ਲਾ ਕੇ ਏਸ਼ਿਆਈ ਖੇਡਾਂ ਦੇ ਰਿਕਾਰਡ ਦੀ ਬਰਾਬਰੀ ਕੀਤੀ, ਪਰ ਅੰਤਿਮ ਸ਼ੂਟ-ਆਫ ਵਿੱਚ ਚੀਨੀ ਖਿਡਾਰਨ ਨੇ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਈਸ਼ਾ ਨੇ ਵੀਅਤਨਾਮ ਦੀ ਨਿਸ਼ਾਨੇਬਾਜ਼ ਖ਼ਿਲਾਫ਼ ਵੀ ਤਿੰਨ ਵਾਰ ਸ਼ੂਟ-ਆਫ ਖੇਡ ਕੇ ਜਿੱਤ ਦਰਜ ਕੀਤੀ ਸੀ। ਮੈਚ ਮਗਰੋਂ ਈਸ਼ਾ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਵਧੀਆ ਤਜਰਬਾ ਰਿਹਾ। ਭਾਵੇਂ ਇਹ ਕਾਫ਼ੀ ਤਣਾਅਪੂਰਨ ਸੀ, ਪਰ ਮੈਂ ਇਸ ਲਈ ਬਹੁਤ ਖੁਸ਼ ਹਾਂ।’ ਜ਼ਿਕਰਯੋਗ ਹੈ ਕਿ ਈਸ਼ਾ ਨੇ 2023 ਦੀਆਂ ਹਾਂਗਜ਼ੂ ਖੇਡਾਂ ਵਿੱਚ ਵੀ ਚਾਰ ਤਗ਼ਮੇ ਜਿੱਤੇ ਸਨ। ਦਿਲਚਸਪ ਗੱਲ ਇਹ ਰਹੀ ਕਿ ਈਸ਼ਾ ਫਾਈਨਲ ਵਿੱਚ ਪੁੱਜਣ ਵਾਲੀ ਅੱਠਵੀਂ ਅਤੇ ਆਖਰੀ ਖਿਡਾਰਨ ਸੀ। ਉਸ ਨੇ ਕੁਆਲੀਫਿਕੇਸ਼ਨ ਵਿੱਚ 580 ਅੰਕਾਂ ਨਾਲ ਚੀਨੀ ਤੈਪਈ ਦੀ ਨਿਸ਼ਾਨੇਬਾਜ਼ ਨੂੰ ‘ਇਨਰ 10’ ਦੇ ਆਧਾਰ ’ਤੇ ਪਛਾੜ ਕੇ ਇਹ ਥਾਂ ਬਣਾਈ ਸੀ।
ਦੂਜੇ ਪਾਸੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ 579 ਅੰਕਾਂ ਨਾਲ 11ਵੇਂ ਸਥਾਨ ਉੱਤੇ ਰਹਿ ਕੇ ਫਾਈਨਲ ਵਿੱਚ ਥਾਂ ਨਾ ਬਣਾ ਸਕੀ। ਇਸੇ ਤਰ੍ਹਾਂ 2018 ਦੀ ਚੈਂਪੀਅਨ ਰਾਹੀ ਸਰਨੋਬਤ ਦਾ ਸਫ਼ਰ ਹੋਰ ਵੀ ਮਾੜਾ ਰਿਹਾ। ਕੁਆਲੀਫਿਕੇਸ਼ਨ ਦੇ ਦੂਜੇ ਦਿਨ ਉਸ ਦਾ ਇੱਕ ਨਿਸ਼ਾਨਾ ਜ਼ੀਰੋ ’ਤੇ ਲੱਗ ਗਿਆ, ਜਿਸ ਕਾਰਨ ਉਹ 568 ਅੰਕਾਂ ਨਾਲ 30ਵੇਂ ਸਥਾਨ ਉੱਤੇ ਰਹੀ।
ਇਸ ਵੱਡੀ ਗਲਤੀ ਕਾਰਨ ਭਾਰਤੀ ਟੀਮ ਮੁਕਾਬਲੇ ਵਿੱਚ ਵੀ ਪਛੜ ਗਈ। ਈਸ਼ਾ, ਮਨੂ ਅਤੇ ਸਰਨੋਬਤ ਦੀ ਟੀਮ 1727 ਅੰਕਾਂ ਨਾਲ ਪੰਜਵੇਂ ਸਥਾਨ ਉੱਤੇ ਰਹੀ ਜਦਕਿ ਚੀਨ, ਦੱਖਣੀ ਕੋਰੀਆ ਅਤੇ ਚੀਨੀ ਤੈਪਈ ਨੇ ਕ੍ਰਮਵਾਰ ਸੋਨਾ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ। ਜੇ ਸਰਨੋਬਤ ਦਾ ਉਹ ਨਿਸ਼ਾਨਾ 10 ਅੰਕਾਂ ਦਾ ਹੁੰਦਾ, ਤਾਂ ਭਾਰਤੀ ਟੀਮ ਚਾਂਦੀ ਦਾ ਤਗ਼ਮਾ ਜਿੱਤ ਸਕਦੀ ਸੀ। ਇਸ ਗਲਤੀ ’ਤੇ ਹੈਰਾਨੀ ਪ੍ਰਗਟਾਉਂਦਿਆਂ ਸਰਨੋਬਤ ਨੇ ਕਿਹਾ ਕਿ ਉਸ ਨਾਲ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਅਤੇ ਉਹ ਖ਼ੁਦ ਇਸ ਤੋਂ ਬਹੁਤ ਨਿਰਾਸ਼ ਹੈ। ਇਸ ਨਾਲ ਪੂਰੀ ਟੀਮ ਦਾ ਨੁਕਸਾਨ ਹੋਇਆ ਹੈ।

