Pakistan: ਖੈਬਰ ਪਖਤੂਨਖਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ

Pakistan: ਖੈਬਰ ਪਖਤੂਨਖਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ

ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਲਈ ਸਿੱਖ ਆਨੰਦ ਕਾਰਜ ਬਿੱਲ-2026 ’ਤੇ ਕਾਨੂੰਨਘਾੜਿਆਂ, ਸਰਕਾਰੀ ਅਧਿਕਾਰੀਆਂ ਅਤੇ ਸਿੱਖ ਨੁਮਾਇੰਦਿਆਂ ਨੇ ਵਿਚਾਰ-ਚਰਚਾ ਕੀਤੀ। ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟਗਿਣਤੀਆਂ ਬਾਰੇ ਸੰਸਦੀ ਕੌਕਸ ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਕੈਬਨਿਟ ਕਮੇਟੀ ਅਤੇ ਫਿਰ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ। ਪਰਿਵਾਰਕ ਕਾਨੂੰਨਾਂ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸਈਦ-ਉਰ-ਰਹਿਮਾਨ ਨੇ ਵਿਧਾਨਕ ਅਮਲ ਬਾਰੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ। ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਅਤੇ ਆਨੰਦ ਕਾਰਜ ਰਜਿਸਟਰਾਰਾਂ ਨੂੰ ਲਾਇਸੈਂਸ ਦਿੱਤੇ ਜਾਣਗੇ। ਮੀਟਿੰਗ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਦੱਸਿਆ ਗਿਆ ਕਿ ਪ੍ਰਸਤਾਵਿਤ ਬਿੱਲ, ਆਨੰਦ ਮੈਰਿਜ ਐਕਟ-1909 ਤੋਂ ਹੋਰ ਸਖ਼ਤ ਹੋਵੇਗਾ। ਵਿਆਹ ਲਈ ਲੜਕੀ ਅਤੇ ਲੜਕੇ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਜ਼ਰੂਰੀ ਹੈ ਅਤੇ ਦੋਵਾਂ ਦੀ ਆਜ਼ਾਦ ਸਹਿਮਤੀ ਲਾਜ਼ਮੀ ਹੈ। ਧੱਕੇ, ਧੋਖੇ ਜਾਂ ਕਿਸੇ ਪ੍ਰਭਾਵ ਹੇਠ ਵਿਆਹ ਦੀ ਦਿੱਤੀ ਗਈ ਸਹਿਮਤੀ ਨੂੰ ਵਾਜਿਬ ਨਹੀਂ ਸਮਝਿਆ ਜਾਵੇਗਾ। ਸਰਟੀਫਿਕੇਟ ਮਿਲਣ ਨਾਲ ਵਿਆਹ ਨੂੰ ਜਾਇਜ਼ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇਗਾ, ਜਿਸ ਨਾਲ ਵਿਰਸੇ, ਜਾਨਸ਼ੀਨ ਅਤੇ ਸਰਪ੍ਰਸਤੀ ਦੇ ਅਧਿਕਾਰ ਮਿਲਣਗੇ। ਵਿਆਹ ਨਾਲ ਜੁੜੇ ਵਿਵਾਦਾਂ, ਤਲਾਕ ਅਤੇ ਸੁਲ੍ਹਾ-ਸਫ਼ਾਈ ਦੇ ਮਾਮਲੇ ਪਰਿਵਾਰਕ ਅਦਾਲਤਾਂ ’ਚ ਨਿਬੇੜੇ ਜਾਣਗੇ। ਸਿੱਖਾਂ ਦੇ ਆਗੂ ਗੁਰਪਾਲ ਸਿੰਘ ਅਤੇ ਅਸਕਰ ਪਰਵੇਜ਼ ਨੇ ਇਸ ਕਦਮ ਨੂੰ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਪੂਰਤੀ ਦੱਸਿਆ ਹੈ। ਗੁਰਪਾਲ ਸਿੰਘ ਨੇ ਕਿਹਾ ਕਿ ਅੰਤਿਮ ਕਾਨੂੰਨ ਸਿੱਖ ਧਾਰਮਿਕ ਰਵਾਇਤਾਂ ਮੁਤਾਬਕ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਸਿੱਖ ਪਰਿਵਾਰਾਂ ਨੂੰ ਕਾਨੂੰਨੀ ਸੁਰੱਖਿਆ ਦੇਣੀ ਚਾਹੀਦੀ ਹੈ। ਬਿੱਲ ਦੀ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਕਮਰ ਨਸੀਮ ਨੇ ਕਿਹਾ ਕਿ ਸੰਸਥਾ ਨੇ ਕਾਨੂੰਨ ਦੀ ਤਿਆਰੀ ਅਤੇ ਸਮੀਖਿਆ ’ਚ ਸਥਾਨਕ ਸਰਕਾਰਾਂ ਵਿਭਾਗ ਅਤੇ ਘੱਟਗਿਣਤੀਆਂ ਬਾਰੇ ਸੰਸਦੀ ਕੌਕਸ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਹੈ। ਜਿਵੇਂ-ਜਿਵੇਂ ਬਿੱਲ ਵਿਧਾਨਕ ਪ੍ਰਕਿਰਿਆ ਵਿੱਚੋਂ ਲੰਘਦਾ ਹੈ, ਸਿੱਖ ਧਾਰਮਿਕ ਅਤੇ ਭਾਈਚਾਰਕ ਨੁਮਾਇੰਦਿਆਂ ਨਾਲ ਲਗਾਤਾਰ ਸਲਾਹ-ਮਸ਼ਵਰਾ ਕਰਨਾ ਅਹਿਮ ਹੋਵੇਗਾ। ਮੀਟਿੰਗ ’ਚ ਸ਼ਾਮਲ ਲੋਕਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਵਿਆਹ ਰਜਿਸਟ੍ਰੇਸ਼ਨ ਪ੍ਰਣਾਲੀ ਪੂਰੇ ਸੂਬੇ ’ਚ ਸਿੱਖ ਪਰਿਵਾਰਾਂ ਲਈ ਸਰਲ, ਪਹੁੰਚਯੋਗ ਅਤੇ ਉਪਲਬਧ ਹੋਵੇ।

Share: