ਚੰਡੀਗੜ੍ਹ : ਕੈਨੇਡਾ ਸਰਕਾਰ ਨੇ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਪਣਾ ਨਵਾਂ ਰਾਜਦੂਤ (Ambassador Extraordinary and Plenipotentiary) ਨਿਯੁਕਤ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੇ ਗਏ ਇਸ ਅਹਿਮ ਐਲਾਨ ਨਾਲ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਅੰਗਦ ਸਿੰਘ ਢਿੱਲੋਂ ਯੂ.ਏ.ਈ. ਵਿੱਚ ਰਾਧਾ ਕ੍ਰਿਸ਼ਨਾ ਪਾਂਡੇ ਦੀ ਜਗ੍ਹਾ ਕੈਨੇਡਾ ਦੇ ਸਿਖ਼ਰਲੇ ਰਾਜਦੂਤ ਵਜੋਂ ਜ਼ਿੰਮੇਵਾਰੀ ਸੰਭਾਲਣਗੇ।
ਕੈਨੇਡਾ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਨਿਯੁਕਤੀ ਇੱਕ ਵਿਆਪਕ ਕੂਟਨੀਤਕ ਫੇਰਬਦਲ ਦਾ ਹਿੱਸਾ ਹੈ, ਜਿਸ ਤਹਿਤ ਕਾਰਮਨ ਸੋਰਜਰ ਨੂੰ ਕਿਊਬਾ ਵਿੱਚ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਅੰਗਦ ਸਿੰਘ ਢਿੱਲੋਂ ਦੇ ਪਰਿਵਾਰਕ ਪਿਛੋਕੜ ਦੀਆਂ ਜੜ੍ਹਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਣਾ ਨਾਲ ਜੁੜੀਆਂ ਹੋਈਆਂ ਹਨ। ਖਾੜੀ ਦੇਸ਼ ਯੂ.ਏ.ਈ. ਵਿੱਚ ਕੈਨੇਡਾ ਦੇ ਸਭ ਤੋਂ ਮਹੱਤਵਪੂਰਨ ਕੂਟਨੀਤਕ ਅਹੁਦਿਆਂ ਵਿੱਚੋਂ ਇੱਕ ‘ਤੇ ਉਨ੍ਹਾਂ ਦੀ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਘੁੰਗਰਾਣਾ ਵਿੱਚ ਜਸ਼ਨ ਦਾ ਮਾਹੌਲ ਹੈ। ਯੂ.ਏ.ਈ. ਵਪਾਰ, ਨਿਵੇਸ਼, ਊਰਜਾ ਅਤੇ ਖੇਤਰੀ ਕੂਟਨੀਤੀ ਦੇ ਖੇਤਰ ਵਿੱਚ ਕੈਨੇਡਾ ਦਾ ਇੱਕ ਅਹਿਮ ਭਾਈਵਾਲ ਹੈ। ਰਾਜਦੂਤ ਵਜੋਂ ਅੰਗਦ ਢਿੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਖਾੜੀ ਖੇਤਰ ਵਿੱਚ ਕੈਨੇਡੀਅਨ ਹਿੱਤਾਂ ਦੀ ਨੁਮਾਇੰਦਗੀ ਕਰਨ ਲਈ ਜ਼ਿੰਮੇਵਾਰ ਹੋਣਗੇ। ਇਸ ਨਿਯੁਕਤੀ ਬਾਰੇ ਬੋਲਦਿਆਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਕੂਟਨੀਤਕ ਨੁਮਾਇੰਦੇ ਕੌਮਾਂਤਰੀ ਪੱਧਰ ’ਤੇ ਕੈਨੇਡਾ ਦੇ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਗਲੋਬਲ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਪਖਤਾਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਅੰਗਦ ਸਿੰਘ ਢਿੱਲੋਂ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ਡਾਇਰੈਕਟਰ ਆਫ਼ ਅਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼ ਵਜੋਂ ਸੇਵਾਵਾਂ ਨਿਭਾ ਰਹੇ ਸਨ। ਪ੍ਰਧਾਨ ਮੰਤਰੀ ਦੇ ਕਰੀਬੀ ਸਲਾਹਕਾਰਾਂ ਵਿੱਚੋਂ ਇੱਕ ਹੁੰਦਿਆਂ ਉਨ੍ਹਾਂ ਨੇ ਭਾਰਤ ਅਤੇ ਚੀਨ ਵਰਗੇ ਪ੍ਰਮੁੱਖ ਭਾਈਵਾਲਾਂ ਨਾਲ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਦੋਬਾਰਾ ਮਜ਼ਬੂਤ ਕਰਨ ਅਤੇ ਉੱਚ-ਪੱਧਰੀ ਗੱਲਬਾਤ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਹ ਦੋ ਸੰਘੀ ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ਼ ਵਜੋਂ ਜੀ-7, ਜੀ-20, ਸੰਯੁਕਤ ਰਾਸ਼ਟਰ ਮਹਾਸਭਾ ਅਤੇ ਏਪੈਕ (APEC) ਵਰਗੇ ਕੌਮਾਂਤਰੀ ਮੰਚਾਂ ’ਤੇ ਵੀ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ।

