ਅਮਰੀਕੀ ਰਾਜਦੂਤ ਦੇ ਦੌਰੇ ਤੋਂ ਪਹਿਲਾਂ Dal Khalsa ਵੱਲੋਂ ਚਿੱਠੀ: Kartarpur Coridor ਖੋਲ੍ਹਣ, ਵਪਾਰ ਬਹਾਲ ਕਰਨ ਅਤੇ ਸਿੱਖਾਂ ’ਤੇ ਹਮਲੇ ਰੋਕਣ ਲਈ ਮਦਦ ਦੀ ਮੰਗ

ਅਮਰੀਕੀ ਰਾਜਦੂਤ ਦੇ ਦੌਰੇ ਤੋਂ ਪਹਿਲਾਂ Dal Khalsa ਵੱਲੋਂ ਚਿੱਠੀ: Kartarpur Coridor ਖੋਲ੍ਹਣ, ਵਪਾਰ ਬਹਾਲ ਕਰਨ ਅਤੇ ਸਿੱਖਾਂ ’ਤੇ ਹਮਲੇ ਰੋਕਣ ਲਈ ਮਦਦ ਦੀ ਮੰਗ

ਅੰਮ੍ਰਿਤਸਰ : ਅਮਰੀਕੀ ਰਾਜਦੂਤ ਸਰਜੀਓ ਗੋਰ (Sergio Gor) ਦੀ 28 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਸਤਾਵਿਤ ਫੇਰੀ ਤੋਂ ਪਹਿਲਾਂ ਸ਼੍ਰੋਮਣੀ ਪਾਰਟੀ ‘ਦਲ ਖ਼ਾਲਸਾ’ ਨੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ਪੱਤਰ ਭੇਜਿਆ ਹੈ। ਪੱਤਰ ਵਿੱਚ ਅਮਰੀਕੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਕੂਟਨੀਤਕ ਪ੍ਰਭਾਵ ਦੀ ਵਰਤੋਂ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਦੋਬਾਰਾ ਖੁਲ੍ਹਵਾਉਣ, ਅਟਾਰੀ-ਵਾਘਾ ਸਰਹੱਦ ਰਾਹੀਂ ਜਮੀਨੀ ਵਪਾਰ ਮੁੜ ਸ਼ੁਰੂ ਕਰਵਾਉਣ ਅਤੇ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ (Hate Crimes) ਸਮੇਤ ਟਰਾਂਸਨੈਸ਼ਨਲ ਦਬਾਅ ਵਰਗੇ ਮੁੱਦਿਆਂ ’ਤੇ ਸਾਰਥਕ ਕਦਮ ਚੁੱਕੇ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮਈ 2025 ਵਿੱਚ ਅਪਰੇਸ਼ਨ ਸਿੰਧੂਰ ਤੋਂ ਬਾਅਦ ਕਰਤਾਰਪੁਰ ਲਾਂਘਾ ਬੰਦ ਹੋਣ ਨਾਲ ਸੰਗਤਾਂ ਵਿੱਚ ਭਾਰੀ ਨਿਰਾਸ਼ਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਿਰਫ਼ ਇੱਕ ਸਰਹੱਦੀ ਲਾਂਘਾ ਨਹੀਂ ਹੈ, ਸਗੋਂ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਮੇਂ ਦੀ ਪਵਿੱਤਰ ਧਰਤੀ ਹੈ। ਦੋਵਾਂ ਦੇਸ਼ਾਂ ਦੇ ਰਾਜਨੀਤਿਕ ਟਕਰਾਅ ਕਾਰਨ ਧਾਰਮਿਕ ਯਾਤਰਾ ਅਤੇ ਮਨੁੱਖੀ ਸਬੰਧਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਦਲ ਖ਼ਾਲਸਾ ਨੇ ਅਮਰੀਕਾ ਨੂੰ ਭਾਰਤ ਅਤੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਇਸ ਲਾਂਘੇ ਨੂੰ ਜਲਦ ਖੁੱਲ੍ਹਵਾਉਣ ਦੀ ਅਪੀਲ ਕੀਤੀ।

ਇਸ ਤੋਂ ਇਲਾਵਾ ਸੰਗਠਨ ਨੇ ਅਟਾਰੀ-ਵਾਘਾ ਖੁਸ਼ਕ ਬੰਦਰਗਾਹ ਰਾਹੀਂ ਵਪਾਰ ’ਤੇ ਲੱਗੀਆਂ ਰੋਕਾਂ ਵੱਲ ਵੀ ਅਮਰੀਕੀ ਰਾਜਦੂਤ ਦਾ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਇਤਿਹਾਸਕ ਤੌਰ ’ਤੇ ਦੱਖਣੀ ਏਸ਼ੀਆ ਨੂੰ ਮੱਧ ਏਸ਼ੀਆ ਨਾਲ ਜੋੜਨ ਵਾਲਾ ਵਪਾਰਕ ਮਾਰਗ ਰਿਹਾ ਹੈ, ਪਰ ਸਿਆਸੀ ਹਾਲਾਤਾਂ ਨੇ ਇਸ ਕੁਦਰਤੀ ਰਸਤੇ ਨੂੰ ‘ਕੰਧ’ ਵਿੱਚ ਬਦਲ ਦਿੱਤਾ ਹੈ। ਜਦੋਂ ਵਿਸ਼ਵ ਭਰ ਵਿੱਚ ਸਮੁੰਦਰੀ ਅਤੇ ਹਵਾਈ ਮਾਰਗਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਪੰਜਾਬ ਦੇ ਇਸ ਕੁਦਰਤੀ ਵਪਾਰਕ ਰਸਤੇ ਨੂੰ ਬੰਦ ਰੱਖਣਾ ਤਰਕਹੀਣ ਹੈ। ਪੱਤਰ ਵਿੱਚ ਅਮਰੀਕਾ, ਕੈਨੇਡਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਸਿੱਖ ਸਿਆਸੀ ਸਰਗਰਮੀਆਂ ਨਾਲ ਜੁੜੇ ਵਿਅਕਤੀਆਂ ਨੂੰ ਮਿਲ ਰਹੀਆਂ ਧਮਕੀਆਂ, ਨਿਗਰਾਨੀ ਅਤੇ ਹਿੰਸਾ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ ਗਈ। ਦਲ ਖ਼ਾਲਸਾ ਨੇ ਕਿਹਾ ਕਿ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਕਾਰਵਾਈ ਸ਼ਲਾਘਾਯੋਗ ਹੈ, ਪਰ ਸਿਰਫ਼ ਜਾਂਚ ਜਾਂ ਚਿਤਾਵਨੀਆਂ ਕਾਫ਼ੀ ਨਹੀਂ ਹਨ। ਇਸ ਦੇ ਨਾਲ ਹੀ ਅਮਰੀਕਾ ਵਿੱਚ ਦਸਤਾਰ ਅਤੇ ਕੇਸਾਂ ਕਰਕੇ ਸਿੱਖਾਂ ਵਿਰੁੱਧ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਪਛਾਣ ਬਾਰੇ ਜਾਗਰੂਕਤਾ ਵਧਾਉਣ ਅਤੇ ਕਾਨੂੰਨੀ ਏਜੰਸੀਆਂ ਨਾਲ ਸਿੱਖ ਸੰਸਥਾਵਾਂ ਦਾ ਤਾਲਮੇਲ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ।
Share: