Ram Mandir Donation Scam: ਗਿਣਤੀ ਦੌਰਾਨ ਦਾਨ ਦੀ ਰਕਮ ਹੋਈ ਸੀ ਚੋਰੀ; ਸੀ ਸੀ ਟੀ ਵੀ ’ਚ 105 ਮਾਮਲੇ ਸਾਹਮਣੇ ਆਏ

Ram Mandir Donation Scam: ਗਿਣਤੀ ਦੌਰਾਨ ਦਾਨ ਦੀ ਰਕਮ ਹੋਈ ਸੀ ਚੋਰੀ; ਸੀ ਸੀ ਟੀ ਵੀ ’ਚ 105 ਮਾਮਲੇ ਸਾਹਮਣੇ ਆਏ

ਅਯੁੱਧਿਆ : ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਚੜ੍ਹਾਵਾ ਘੁਟਾਲੇ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਲਗਪਗ 70,000 ਪੰਨਿਆਂ ਦੀ ਚਾਰਜਸ਼ੀਟ ਅਨੁਸਾਰ, ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਹੇਰਾਫੇਰੀ, ਨਕਦੀ ਗਿਣਨ ਦੀ ਪ੍ਰਕਿਰਿਆ ਦੌਰਾਨ ਹੋਈ। ਇਸ ਵਿੱਚ ਲੋਕਾਂ ਦਾ ਅਜਿਹਾ ਸਮੂਹ ਸ਼ਾਮਲ ਸੀ ਜਿਨ੍ਹਾਂ ਨੇ ਕਥਿਤ ਤੌਰ ’ਤੇ ਚੋਰੀ ਕੀਤੇ ਫੰਡਾਂ ਨੂੰ ਬਾਹਰ ਕੱਢਿਆ, ਲੁਕਾਇਆ ਅਤੇ ਆਪਸ ਵਿੱਚ ਵੰਡਿਆ। ਇਹ ਦਸਤਾਵੇਜ਼ ਜਾਂਚ ਦੌਰਾਨ ਬਰਾਮਦ ਕੀਤੇ ਗਏ ਹਜ਼ਾਰਾਂ ਸੁਨੇਹਿਆਂ, ਨਗਦੀ ਅਤੇ ਕੀਮਤੀ ਸਾਮਾਨ ਤੋਂ ਇਲਾਵਾ, ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਗਿਣਤੀ ਖੇਤਰ ਵਿੱਚੋਂ ਨਕਦੀ ਕੱਢਣ ਦੀਆਂ 105 ਘਟਨਾਵਾਂ ਦਾ ਹਵਾਲਾ ਦਿੰਦਾ ਹੈ। ਚਾਰਜਸ਼ੀਟ ਵਿੱਚ ਅੱਠ ਮੁਲਜ਼ਮਾਂ ਅਨੁਕਲਪ ਮਿਸ਼ਰਾ, ਅਵਿਨਾਸ਼ ਸ਼ੁਕਲਾ ਉਰਫ਼ ਸ਼ਾਨੀ, ਲਵਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਨੇਸ਼ ਪਾਂਡੇ, ਰਾਮਸ਼ੰਕਰ ਮਿਸ਼ਰਾ, ਰਾਮ ਸ਼ੰਕਰ ਯਾਦਵ ਉਰਫ਼ ਟੀਨੂ ਅਤੇ ਸੁਭਾਸ਼ ਸ੍ਰੀਵਾਸਤਵ ਦੇ ਨਾਮ ਸ਼ਾਮਲ ਹਨ, ਜੋ ਕਿ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ। ਪੁਲੀਸ ਨੇ ਅਨੁਕਲਪ ਮਿਸ਼ਰਾ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਹੈ। ਇਹ ਕੇਸ 25 ਜੂਨ ਨੂੰ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਦੀ ਸ਼ਿਕਾਇਤ ’ਤੇ ਦਾਨ ਦੇ ਪ੍ਰਬੰਧਨ ਵਿੱਚ ਕਥਿਤ ਬੇਨਿਯਮੀਆਂ ਦੀ ਮੁੱਢਲੀ ਸਿਟ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਸੀ। ਚਾਰਜਸ਼ੀਟ ਅਨੁਸਾਰ, ਜਾਂਚਕਰਤਾਵਾਂ ਨੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰ ਕੇ, ਇਸ ਨੂੰ ਡਿਜੀਟਲ ਸਬੂਤਾਂ, ਗਵਾਹਾਂ ਦੇ ਬਿਆਨਾਂ, ਬੈਂਕਿੰਗ ਰਿਕਾਰਡਾਂ ਅਤੇ ਫੋਰੈਂਸਿਕ ਆਡਿਟ ਨਾਲ ਜੋੜ ਕੇ, ਗਿਣਤੀ ਕੇਂਦਰ ਤੋਂ ਨਕਦੀ ਨੂੰ ਅਣਅਧਿਕਾਰਤ ਤੌਰ ’ਤੇ ਹਟਾਉਣ ਜਾਂ ਲੁਕਾਉਣ ਦੀਆਂ 105 ਘਟਨਾਵਾਂ ਦੀ ਪਛਾਣ ਕੀਤੀ ਹੈ। ਸਿਟ ਨੇ ਕਿਹਾ ਹੈ ਕਿ ਉਸ ਨੂੰ ਗਿਣੇ ਹੋਏ ਪੈਸੇ ਨੂੰ ਬਾਅਦ ਵਿੱਚ ਬੈਂਕਾਂ ਵਿੱਚ ਤਬਦੀਲ ਕਰਨ ਦੌਰਾਨ ਘੁਟਾਲੇ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਜਾਂਚ ਵਿੱਚ ਮੁਲਜ਼ਮਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜੁੜੇ ਬੈਂਕ ਖਾਤਿਆਂ, ਜਾਇਦਾਦਾਂ, ਵਾਹਨਾਂ ਅਤੇ ਹੋਰ ਸੰਪਤੀਆਂ ਰਾਹੀਂ ਕਥਿਤ ਪੈਸੇ ਦੇ ਲੈਣ-ਦੇਣ ਦੇ ਰਾਹ ਦਾ ਵੀ ਪਤਾ ਲਗਾਇਆ ਗਿਆ। ਪੁਲੀਸ ਨੇ ਅੱਠ ਵਿੱਚੋਂ ਸੱਤ ਮੁਲਜ਼ਮਾਂ ਕੋਲੋਂ ਸ਼ੱਕੀ ਘੁਟਾਲੇ ਨਾਲ ਜੁੜੇ 79.85 ਲੱਖ ਰੁਪਏ ਬਰਾਮਦ ਕੀਤੇ ਹਨ, ਜਦੋਂ ਕਿ ਸ੍ਰੀਵਾਸਤਵ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ।

Share: