ਵੈਨਕੂਵਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਵਿੱਚ ਬੁਲਾ ਕੇ ਖੁਦ ਆਪਣੇ ਪੈਰੀਂ ਕੁਹਾੜਾ ਮਾਰਦੇ ਹੋਏ, ਆਪਣੀ ਤਬਾਹੀ ਵੱਲ ਵਧ ਰਿਹਾ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਈ ਪੋਸਟ ’ਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਦੇਸ਼ ਵਿੱਚ ਵੜਨ ਦੇ ਰਿਹਾ ਹੈ, ਜੋ ਆਪਣੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਆ ਰਹੇ ਹਨ।
ਰਾਸ਼ਟਰਪਤੀ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਸ ਦੇ ਗਵਾਂਢੀ ਦੇਸ਼ ਲਈ ਇਹੀ ਸਮੱਸਿਆਵਾਂ ਭਵਿੱਖ ’ਚ ਵੱਡੀਆਂ ਹੋਣ ਤੇ ਸੰਭਾਲੀਆਂ ਨਹੀਂ ਜਾਣਗੀਆਂ। ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ।
ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਕਿਹਾ ਕਿ ਵਿਦੇਸ਼ੀਆਂ ਨੇ ਪਿਛਲੇ ਸਾਲਾਂ ਵਿੱਚ ਕੈਨੇਡਾ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾਇਆ, ਪਰ ਇਸਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਅਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫੀ ਘਟਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਵਾਸ ਪੱਧਰਾਂ ਨੂੰ ਸਥਿਰ ਬਣਾ ਰਹੀ ਹੈ ਤੇ ਅਗਲੇ ਸਾਲ ਦੇ ਅੰਤ ਤੱਕ ਆਰਜੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਅਬਾਦੀ ਦੇ 5 ਫੀਸਦ ਤੱਕ ਹੇਠਾਂ ਲਿਆਉਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਬਾਰੇ ਚਿੰਤਤ ਹੈ, ਜਿਸ ਲਈ ਕਈ ਸਖਤ ਨਿਯਮ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸਾਲ ਤੋਂ 2028 ਤੱਕ ਵਿਦੇਸ਼ੀ ਆਮਦ ਕੋਟਾ ਪ੍ਰਤੀ ਸਾਲ 3 ਲੱਖ 80 ਹਜ਼ਾਰ ਤੈਅ ਕੀਤਾ ਗਿਆ ਹੈ, ਜਿਸ ਵਿੱਚ ਪਹਿਲ ਦੇਸ਼ ਵਿੱਚ ਮੌਜੂਦ ਹੁਨਰਮੰਦ ਤੇ ਤਜ਼ਰਬੇਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਇਸ ਕੋਟੇ ਨੂੰ ਹਰ ਹਾਲਤ ’ਚ ਸਥਿਰ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੰਮੇ ਸਮੇਂ ਦੇ ਫੈਸਲੇ ਲੈਣ ਦੀ ਥਾਂ ਸਿਰਫ ਤਿੰਨ ਤਿੰਨ ਸਾਲਾਂ ਦੀਆਂ ਯੋਜਨਾਵਾਂ ਉਲੀਕ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨੇਪਰੇ ਚਾੜਨਾ ਸੁਖਾਲਾ ਰਹੇ। ਵਿਦੇਸ਼ ਮੰਤਰੀ ਨੇ ਕੁਝ ਤੱਥ ਪੇਸ਼ ਕਰਦਿਆਂ ਟਰੰਪ ਦੇ ਕੈਨੇਡਾ ਵਿੱਚ ਬੇਰੁਜਗਾਰੀ ਦਾ ਵਾਧੇ ਵਾਲੇ ਦਾਅਵੇ ਨੂੰ ਵੀ ਮੁਢੋਂ ਖਾਰਜ ਕੀਤਾ ।

