ਚੰਡੀਗੜ੍ਹ : ਮਹਾਂਨਗਰਾਂ ਵਿਚ ਸਰਕਾਰ ਵੱਲੋਂ ਬਫਰ ਸਟਾਕ ਵਿੱਚੋਂ 35 ਰੁਪਏ ਪ੍ਰਤੀ ਕਿਲੋ ਦੇ ਰੇਟ ’ਤੇ ਸਸਤਾ ਪਿਆਜ਼ ਵੇਚਣ ਦੇ ਯਤਨਾਂ ਦੇ ਬਾਵਜੂਦ ਮੰਗਲਵਾਰ ਨੂੰ ਦੇਸ਼ ਦੇ ਮੁੱਖ ਮਹਾਂਨਗਰਾਂ ਵਿੱਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 53 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਬਣੀਆਂ ਹੋਈਆਂ ਹਨ। ਦੂਜੇ ਪਾਸੇ ਚੰਡੀਗੜ੍ਹ, ਪੰਜਾਬ ਤੇ ਨੇੜਲੇ ਖੇਤਰਾਂ ਵਿਚ ਵੀ ਪਿਆਜ਼ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪੰਜਾਬ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਦੇ ਐਲਾਨ ਦੇ ਬਾਵਜੂਦ ਲੋਕਾਂ ਨੂੰ ਰਾਹਤ ਕਿਉਂ ਨਹੀਂ ਮਿਲ ਰਹੀ। ਇਸ ਤੋਂ ਇਲਾਵਾ ਖਪਤਕਾਰ ਮਾਮਲੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਪਿਆਜ਼ 53 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂ ਕਿ ਮੁੰਬਈ ਵਿੱਚ ਇਹ 58 ਰੁਪਏ, ਅਤੇ ਕੋਲਕਾਤਾ ਤੇ ਚੇਨਈ ਵਿੱਚ ਸਭ ਤੋਂ ਵੱਧ 60 ਰੁਪਏ ਪ੍ਰਤੀ ਕਿਲੋ ਰਿਹਾ ਹੈ। 22 ਸਤੰਬਰ ਨੂੰ ਪੂਰੇ ਭਾਰਤ ਵਿੱਚ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 54.2 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ, ਜਿੱਥੇ ਵੱਧ ਤੋਂ ਵੱਧ ਭਾਅ 100 ਰੁਪਏ ਅਤੇ ਘੱਟੋ-ਘੱਟ 29 ਰੁਪਏ ਪ੍ਰਤੀ ਕਿਲੋ ਰਿਹਾ। ਹਾਲਾਂਕਿ, ਪ੍ਰਾਈਵੇਟ ਵਪਾਰਕ ਅੰਕੜਿਆਂ ਅਨੁਸਾਰ ਆਮ ਬਾਜ਼ਾਰ ਵਿੱਚ ਕੀਮਤਾਂ ਸਰਕਾਰੀ ਅੰਕੜਿਆਂ ਨਾਲੋਂ ਕਾਫ਼ੀ ਜ਼ਿਆਦਾ ਸਨ ਅਤੇ ਦਿੱਲੀ ਵਿੱਚ ਇਹ ਗੁਣਵੱਤਾ ਅਤੇ ਇਲਾਕੇ ਮੁਤਾਬਕ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ।
ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਅਤੇ ‘ਕਾਂਦਾ ਐਕਸਪ੍ਰੈੱਸ’ ਰਾਹੀਂ ਸਪਲਾਈ
ਕੀਮਤਾਂ ਨੂੰ ਕਾਬੂ ਹੇਠ ਲਿਆਉਣ ਲਈ ਕੇਂਦਰ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਤੇ ਦਿੱਲੀ ਸਮੇਤ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਸਬਸਿਡੀ ਵਾਲੇ ਭਾਅ ‘ਤੇ ਪਿਆਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀਆਂ ਨੋਡਲ ਏਜੰਸੀਆਂ (NCCF ਅਤੇ Nafed) ਕੋਲ ਸਾਲ 2026 ਲਈ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਮੌਜੂਦ ਹੈ। ਕੀਮਤਾਂ ਨੂੰ ਘਟਾਉਣ ਲਈ ਇਹ ਏਜੰਸੀਆਂ ਪਿਆਜ਼ ਨੂੰ ਉਤਪਾਦਕ ਰਾਜਾਂ ਤੋਂ ‘ਕਾਂਦਾ ਐਕਸਪ੍ਰੈੱਸ’ ਰੇਲ ਗੱਡੀ ਅਤੇ ਸੜਕੀ ਮਾਰਗ ਰਾਹੀਂ ਦੇਸ਼ ਦੇ ਵੱਖ-ਵੱਖ ਖਪਤਕਾਰ ਕੇਂਦਰਾਂ ਤੱਕ ਵੱਡੇ ਪੱਧਰ ‘ਤੇ ਪਹੁੰਚਾ ਰਹੀਆਂ ਹਨ।

