ED ਵੱਲੋਂ ਮੁਹਾਲੀ ਸਥਿਤ GMADA ਦਫ਼ਤਰ ਵਿੱਚ ਰਾਤ ਭਰ ਤੋਂ ਛਾਪੇਮਾਰੀ ਜਾਰੀ; ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਘਰ ਵੀ ਪਹੁੰਚੀ ਟੀਮ

ED ਵੱਲੋਂ ਮੁਹਾਲੀ ਸਥਿਤ GMADA ਦਫ਼ਤਰ ਵਿੱਚ ਰਾਤ ਭਰ ਤੋਂ ਛਾਪੇਮਾਰੀ ਜਾਰੀ; ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਘਰ ਵੀ ਪਹੁੰਚੀ ਟੀਮ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਲੰਘੇ ਦਿਨ ਮੁਹਾਲੀ ਸਥਿਤ ਗਮਾਡਾ ਦਫ਼ਤਰ ਵਿੱਚ ਸ਼ੁਰੂ ਕੀਤੀ ਛਾਪੇਮਾਰੀ ਰਾਤ ਭਰ ਜਾਰੀ ਰਹੀ ਹੈ। ਈਡੀ ਦੇ ਅਧਿਕਾਰੀਆਂ ਵੱਲੋਂ ਸਾਰੀ ਰਾਤ ਗਮਾਡਾ ਦਫ਼ਤਰ ਵਿੱਚ ਬੈਠ ਕੇ ਵੱਖ-ਵੱਖ ਫ਼ਾਈਲਾਂ ਦੀ ਪੜਤਾਲ ਕੀਤੀ ਗਈ ਅਤੇ ਹੋਰ ਦਸਤਾਵੇਜ਼ ਖੰਗਾਲੇ ਗਏ ਹਨ। ਇਹ ਛਾਪੇਮਾਰੀ ਮੰਗਲਵਾਰ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਬੁੱਧਵਾਰ ਸਵੇਰ ਤੱਕ ਲਗਾਤਾਰ ਜਾਰੀ ਹੈ। ਈਡੀ ਵੱਲੋਂ 22 ਘੰਟਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਗਮਾਡਾ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਅਤੇ ਘਪਲਿਆਂ ਦੀ ਜਾਂਚ ਕਰ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਪੰਜਾਬ ਦੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਘਰ ਚੰਡੀਗੜ੍ਹ ਵਿੱਚ ਛਾਪੇਮਾਰੀ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਇਹ ਤਲਾਸ਼ੀ ਮੁਹਿੰਮ ਮੰਗਲਵਾਰ ਰਾਤ ਕਰੀਬ 11 ਵਜੇ ਸ਼ੁਰੂ ਕੀਤੀ ਗਈ ਸੀ, ਜੋ ਦੇਰ ਰਾਤ ਤੱਕ ਜਾਰੀ ਰਹੀ ਹੈ। ਇਸ ਜਾਂਚ ਦੌਰਾਨ ਹੁਣ ਅਥਾਰਟੀ ਲਈ ਲੈਂਡ ਐਗਰੀਗੇਟਰ ਵਜੋਂ ਕੰਮ ਕਰਨ ਵਾਲੀ ਕੰਪਨੀ ‘ਟਿਲਾ ਕੰਸਲਟੈਂਟਸ ਐਂਡ ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ’ (Tila Consultants and Contractors Pvt Ltd) ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਜਾਂਚ ਏਜੰਸੀ ਦੇ ਸੂਤਰਾਂ ਨੇ ‘ਟ੍ਰਿਬਿਊਨ’ ਨੂੰ ਦੱਸਿਆ ਕਿ ਜ਼ਮੀਨ ਐਕਵਾਇਰ ਕਰਨ ਅਤੇ ਨਿੱਜੀ ਰੀਅਲਟਰਾਂ ਨੂੰ ਜ਼ਮੀਨ ਦੀ ਵਰਤੋਂ ਤਬਦੀਲੀ (CLU) ਦੀਆਂ ਮਨਜ਼ੂਰੀਆਂ ਦੇਣ ਵਿੱਚ ਕਥਿਤ ਗੜਬੜੀਆਂ ਹੋਈਆਂ ਹਨ, ਜਿਸ ਵਿੱਚ ਕੀਰਤੀ ਸਾਧੂ ਬਾਸ ਦੀ ਮਲਕੀਅਤ ਵਾਲੀ ਇਸ ਕੰਪਨੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕੰਸਲਟੈਂਸੀ ਕੰਪਨੀ ਕਈ ਸੂਬਾਂ ਸਰਕਾਰਾਂ ਅਤੇ ਕੇਂਦਰ ਸਰਕਾਰ ਦੀਆਂ ਅਥਾਰਟੀਆਂ ਲਈ ਕੰਮ ਕਰਦੀ ਹੈ। ਰਿਪੋਰਟਾਂ ਅਨੁਸਾਰ ਈਡੀ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਜ਼ਮੀਨ ਹਾਲ ਹੀ ਵਿੱਚ ਗਮਾਡਾ ਵੱਲੋਂ ਨਿਊ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਐਕਵਾਇਰ ਕੀਤੀ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵੱਲੋਂ ਮੁਹਾਲੀ ਵਿੱਚ ਗਮਾਡਾ ਮੁੱਖ ਦਫ਼ਤਰ ਸਮੇਤ ਦਿੱਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਸਮੇਤ ਕੁੱਲ 27 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਈਡੀ ਦੀਆਂ ਟੀਮਾਂ ਨੇ ਸੀ.ਆਰ.ਪੀ.ਐੱਫ. (CRPF) ਦੇ ਜਵਾਨਾਂ ਦੀ ਮਦਦ ਨਾਲ ਗਮਾਡਾ ਦਫ਼ਤਰ ਦੀਆਂ ਘੱਟੋ-ਘੱਟ ਤਿੰਨ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਸੀ ਅਤੇ ਮੁੱਖ ਇੰਜੀਨੀਅਰ ਦੇ ਕਮਰੇ ਨੂੰ ਵੀ ਆਪਣੇ ਘੇਰੇ ਵਿੱਚ ਲਿਆ। ਜਾਂਚ ਦੌਰਾਨ ਪ੍ਰਾਈਵੇਟ ਬਿਲਡਰਾਂ ਨੂੰ ਗ਼ਲਤ ਤਰੀਕੇ ਨਾਲ ਜ਼ਮੀਨ ਦੀ ਵਰਤੋਂ ਤਬਦੀਲੀ (CLU) ਦੀ ਮਨਜ਼ੂਰੀ ਦੇਣ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਗਮਾਡਾ ਵਿੱਚ ਕਥਿਤ ਤੌਰ ’ਤੇ ਗ਼ਲਤ ਢੰਗ ਨਾਲ ਜ਼ਮੀਨਾਂ ਦੀ ਸੀਐੱਲਯੂ ਦੇਣ ਨੂੰ ਲੈ ਕੇ ਗਮਾਡਾ ਦੇ ਮੌਜੂਦਾ ਅਧਿਕਾਰੀਆਂ ਅਤੇ ਸਾਬਕਾ ਅਧਿਕਾਰੀਆਂ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।

Share: