ਟੋਰਾਂਟੋ ’ਚ ‘ਪੰਜਾਬੀ ਸੱਭਿਆਚਾਰ’ ਦੀ ਗੂੰਜ; ਗਿੱਧੇ-ਭੰਗੜੇ ’ਤੇ ਝੂਮੇ ਗੋਰੇ-ਗੋਰੀਆਂ

ਟੋਰਾਂਟੋ ’ਚ ‘ਪੰਜਾਬੀ ਸੱਭਿਆਚਾਰ’ ਦੀ ਗੂੰਜ; ਗਿੱਧੇ-ਭੰਗੜੇ ’ਤੇ ਝੂਮੇ ਗੋਰੇ-ਗੋਰੀਆਂ

ਵੈਨਕੂਵਰ : ਬਰੈਂਪਟਨ ਦੀ ਟੀਐੱਮਪੀ ਸੀਨੀਅਰ ਕਲੱਬ ਦੇ ਪੰਜਾਬੀ ਮੈਂਬਰਾਂ ਵੱਲੋਂ ਟੋਰਾਂਟੋ ਦੇ ਸੈਂਟਰਲ ਟਾਪੂ ਦੇ ਇੱਕ-ਦਿਨਾਂ ਟੂਰ ਮੌਕੇ ਉੱਥੋਂ ਦੀ ਫ਼ਜ਼ਾ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗ ਭਰੇ ਗਏ। ਮਨੋਰੰਜਨ ਵਜੋਂ ਨਾਲ ਲਿਜਾਏ ਗਏ ਸਾਊਂਡ ਸਿਸਟਮ ’ਤੇ ਜਦੋਂ ਗਿੱਧੇ-ਭੰਗੜੇ ਵਾਲੇ ਗੀਤ ਸ਼ੁਰੂ ਹੋਏ ਤਾਂ ਹਰੇਕ ਮਰਦ-ਔਰਤ ਦੇ ਪੈਰ ਥਿਰਕਣੋਂ ਨਾ ਰਹਿ ਸਕੇ ਅਤੇ ਉੱਥੇ ਪੰਜਾਬ ਦੇ ਕਿਸੇ ਵਿਆਹ ਵਰਗਾ ਮਾਹੌਲ ਸਿਰਜ ਗਿਆ। ਪੰਜਾਬੀ ਸੰਗੀਤ ਨੇ ਆਪਣੀ ਧੁਨ ਤੇ ਕਲਾ ਦਾ ਅਜਿਹਾ ਜਾਦੂ ਬਿਖੇਰਿਆ ਕਿ ਕੋਲੋਂ ਲੰਘਦੇ ਗੋਰੇ-ਗੋਰੀਆਂ ਵੀ ਨਾਲ ਆ ਕੇ ਨੱਚਣ-ਟੱਪਣ ਲਈ ਮਜ਼ਬੂਰ ਹੋ ਗਏ। ਤਿੰਨ-ਚਾਰ ਘੰਟੇ ਚੱਲੇ ਇਸ ਪ੍ਰੋਗਰਾਮ ਦਾ ਆਨੰਦ ਉੱਥੇ ਸੈਰ-ਸਪਾਟੇ ਲਈ ਆਏ ਸੈਂਕੜੇ ਲੋਕਾਂ ਨੇ ਮਾਣਿਆ।

ਕਲੱਬ ਮੈਂਬਰਾਂ ਦੇ ਮਨਾਂ ਵਿੱਚ ਟੂਰ ਬਾਰੇ ਇੰਨੇ ਉਤਸ਼ਾਹ ਦੇ ਸੰਕੇਤ ਟੋਰਾਂਟੋ ਦੇ ਫ਼ੈਰੀ ਟਰਮੀਨਲ ਤੋਂ ਹੀ ਲੱਗਣ ਲੱਗ ਪਏ ਸਨ, ਜਦੋਂ ਟਾਪੂ ਵੱਲ ਲਿਜਾ ਰਹੀ ਫ਼ੈਰੀ ਵਿੱਚ ਹੀ ਬੋਲੀਆਂ ਤੇ ਗੀਤਾਂ ਦੀਆਂ ਤੁਕਾਂ ਕੰਨੀਂ ਪੈਣ ਲੱਗੀਆਂ। ਚੁਫ਼ੇਰਿਓਂ ਓਨਟਾਰੀਓ ਝੀਲ ਦੇ ਪਾਣੀ ਨਾਲ ਘਿਰੇ ਸੈਂਕੜੇ ਏਕੜ ਦੇ ਇਸ ਟਾਪੂ ਵਿਚਲੇ ਵੱਖ-ਵੱਖ ਤਰ੍ਹਾਂ ਦੇ ਰੁੱਖ ਇਸ ਦੀ ਸੁੰਦਰਤਾ ਹਨ। ਸੈਲਾਨੀਆਂ ਦੀ ਖਿੱਚ ਵਧਾਉਣ ਲਈ ਸਰਕਾਰ ਯਤਨਸ਼ੀਲ ਹੈ। ਸਮੁੰਦਰੀ ਨਜ਼ਾਰਿਆਂ ਦੀ ਆਪਣੀ ਵੱਖਰੀ ਖਿੱਚ ਹੈ। ਕੈਨੇਡਾ ਵਿੱਚ ਸਰਕਾਰੀ ਵਿਭਾਗ ਦੀ ਦੇਖ-ਰੇਖ ਹੇਠ ਗਠਿਤ ਅਜਿਹੀਆਂ ਸੀਨੀਅਰ ਕਲੱਬਾਂ ਭਾਈਚਾਰਕ ਏਕਤਾ, ਸਹਿਯੋਗ ਤੇ ਮਿਲਣ-ਵਰਤਣ ਵਧਾਉਣ ਦੇ ਸਾਧਨ ਵਜੋਂ ਕਾਰਜਸ਼ੀਲ ਹਨ। ਇਸ ਕਲੱਬ ਵੱਲੋਂ ਪਿਛਲੇ ਮਹੀਨੇ ਮਨਾਇਆ ਗਿਆ ਤੀਆਂ ਦਾ ਮੇਲਾ ਅਤੇ ਕੈਨੇਡਾ ਡੇਅ ਸਮਾਗਮ ਵੀ ਚਰਚਾ ਵਿੱਚ ਆਇਆ ਸੀ, ਜਿਸ ਵਿੱਚ ਕਈ ਮੈਂਬਰ ਪਾਰਲੀਮੈਂਟ, ਵਿਧਾਇਕਾਂ, ਮੇਅਰ ਅਤੇ ਕੌਂਸਲਰਾਂ ਨੇ ਹਾਜ਼ਰੀ ਭਰ ਕੇ ਸੰਚਾਲਕਾਂ ਦੇ ਯਤਨਾਂ ਨੂੰ ਵਡਿਆਇਆ ਸੀ।

Share: