‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ.., ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ.., ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਚੰਡੀਗੜ੍ਹ : ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲੀਸ ਹੈੱਡਕੁਆਰਟਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੁਲੀਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ‘ਝੂਠੀ ਐਡਵਾਇਜ਼ਰੀ’ ਕਰਾਰ ਦਿੱਤਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲੀਸ ਨੇ ਸਪੱਸ਼ਟ ਕੀਤਾ ਕਿ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਦਫ਼ਤਰ ਵੱਲੋਂ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ। ਵਿਭਾਗ ਨੇ ਸਾਫ਼ ਕੀਤਾ ਕਿ ਪੁਲੀਸ ਮੁਲਾਜ਼ਮਾਂ ਨੂੰ ਸਫ਼ਰ ਦੌਰਾਨ ਵਰਦੀ ਤੋਂ ਪਰਹੇਜ਼ ਕਰਨ ਜਾਂ ਸਿਵਲ ਕੱਪੜੇ ਪਾ ਕੇ ਡਿਊਟੀ ’ਤੇ ਆਉਣ-ਜਾਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਪੁਲੀਸ ਨੇ ਆਮ ਨਾਗਰਿਕਾਂ ਅਤੇ ਆਪਣੇ ਜਵਾਨਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦਿਆਂ ਕੇਵਲ ਅਧਿਕਾਰਤ ਸਰੋਤਾਂ ’ਤੇ ਹੀ ਭਰੋਸਾ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ASI) ਦੇ ਹੋਏ ਕਤਲ ਤੋਂ ਬਾਅਦ ਵਰਦੀ ਵਿੱਚ ਸਫ਼ਰ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਸੀ, ਜਿਸ ਤੋਂ ਬਾਅਦ ਇਹ ਅਫ਼ਵਾਹਾਂ ਹੋਰ ਫੈਲ ਗਈਆਂ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੇ ਦਾਅਵੇ ਸਾਹਮਣੇ ਆਏ ਹਨ; ਇਸ ਤੋਂ ਪਹਿਲਾਂ ਵੀ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀਆਂ ਗੈਰ-ਅਧਿਕਾਰਤ ਖ਼ਬਰਾਂ ਵਾਇਰਲ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ’ਤੇ ਵਿਭਾਗ ਨੂੰ ਵਾਰ-ਵਾਰ ਸਪੱਸ਼ਟੀਕਰਨ ਦੇਣਾ ਪਿਆ ਹੈ।

ਇਸ ਵਿਵਾਦ ਨੂੰ ਉਸ ਸਮੇਂ ਹੋਰ ਹਵਾ ਮਿਲੀ ਜਦੋਂ ਸੋਸ਼ਲ ਮੀਡੀਆ ’ਤੇ ਇੱਕ ਆਡੀਓ ਕਲਿੱਪ ਵਾਇਰਲ ਹੋ ਗਈ, ਜਿਸ ਵਿੱਚ ਇੱਕ ਮਹਿਲਾ ਪੁਲੀਸ ਅਧਿਕਾਰੀ ਕਥਿਤ ਤੌਰ ’ਤੇ ਆਪਣੇ ਸਟਾਫ਼ ਨੂੰ ਵਰਦੀ ਵਿੱਚ ਸਫ਼ਰ ਨਾ ਕਰਨ ਦੀ ਹਦਾਇਤ ਦੇ ਰਹੀ ਸੀ। ਇਸ ਆਡੀਓ ਨੇ ਆਮ ਲੋਕਾਂ ਅਤੇ ਪੁਲੀਸ ਬਲ ਦੇ ਅੰਦਰ ਕਾਫ਼ੀ ਭਰਮ ਪੈਦਾ ਕਰ ਦਿੱਤਾ। ਇੱਕ ਕਾਂਗਰਸੀ ਆਗੂ ਵੱਲੋਂ ਵੀ ਇਸ ਆਡੀਓ ਕਲਿੱਪ ਨੂੰ ਸਾਂਝਾ ਕੀਤਾ ਗਿਆ, ਜਿਸ ਨਾਲ ਮਾਮਲੇ ਨੇ ਸਿਆਸੀ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਪੁਲੀਸ ਨੂੰ ਤੁਰੰਤ ‘ਫੈਕਟ ਚੈੱਕ’ (Fact Check) ਕਰਕੇ ਸੱਚਾਈ ਸਾਹਮਣੇ ਲਿਆਉਣੀ ਪਈ।

ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਨਘੜਤ ਸੁਨੇਹੇ ਬਿਨਾਂ ਵਜ੍ਹਾ ਭੁਲੇਖਾ ਪੈਦਾ ਕਰਦੇ ਹਨ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਵਿਭਾਗ ਪਹਿਲਾਂ ਹੀ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੁਲੀਸ ਦੇ ਅਧਿਕਾਰਤ ਹੈਂਡਲਾਂ ਤੋਂ ਪੁਸ਼ਟੀ ਕੀਤੇ ਬਿਨਾਂ ਕਿਸੇ ਵੀ ਅਣਪ੍ਰਮਾਣਿਤ ਖ਼ਬਰ ਜਾਂ ਵੀਡੀਓ/ਆਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।

Share: