ਸਕੂਲਾਂ ’ਚ ਲੱਗਣਗੇ ‘ਸ਼ੂਗਰ ਬੋਰਡ’, ਬੱਚਿਆਂ ਨੂੰ ਚੀਨੀ ਦੇ ਨੁਕਸਾਨਾਂ ਬਾਰੇ ਕਰਨਗੇ ਜਾਗਰੂਕ; ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼

ਸਕੂਲਾਂ ’ਚ ਲੱਗਣਗੇ ‘ਸ਼ੂਗਰ ਬੋਰਡ’, ਬੱਚਿਆਂ ਨੂੰ ਚੀਨੀ ਦੇ ਨੁਕਸਾਨਾਂ ਬਾਰੇ ਕਰਨਗੇ ਜਾਗਰੂਕ; ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼

ਜਲੰਧਰ (ਮਨੀਸ਼ ਰਿਹਾਨ) :  ਦੇਸ਼ ਭਰ ’ਚ ਮਨਾਏ ਜਾ ਰਹੇ ‘ਰਾਸ਼ਟਰੀ ਪੋਸ਼ਣ ਮਾਹ-2026’ ਤਹਿਤ ਸਕੂਲੀ ਬੱਚਿਆਂ ਦੀ ਸਿਹਤ ਅਤੇ ਖੁਰਾਕ ਨੂੰ ਲੈ ਕੇ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸਕੂਲਾਂ ’ਚ ‘ਸ਼ੂਗਰ ਬੋਰਡ’ ਲਗਾਉਣ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਹਦਾਇਤਾਂ ਭੇਜ ਦਿੱਤੀਆਂ ਗਈਆਂ ਹਨ।  ਪ੍ਰਧਾਨ ਮੰਤਰੀ ਦੇ ‘ਫਿਟ ਇੰਡੀਆ ਮੂਵਮੈਂਟ’ ਤੋਂ ਪ੍ਰੇਰਿਤ ਇਸ ਮੁਹਿੰਮ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ’ਚ ਮੌਜੂਦ ਲੁਕਵੀਂ ਚੀਨੀ ਅਤੇ ਇਸ ਦੇ ਵੱਧ ਸੇਵਨ ਨਾਲ ਹੋਣ ਵਾਲੇ ਸਿਹਤ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਬੱਚਿਆਂ ਨੂੰ ਸਿਹਤਮੰਦ ਖੁਰਾਕ ਦੀ ਚੋਣ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੇ ਜਾਣ ਦਾ ਵੀ ਪੱਤਰ ’ਚ ਜ਼ਿਕਰ ਕੀਤਾ ਗਿਆ ਹੈ। ਹਦਾਇਤਾਂ ਅਨੁਸਾਰ ਸਕੂਲਾਂ ’ਚ ਪ੍ਰਮੁੱਖ ਥਾਵਾਂ ’ਤੇ ‘ਸ਼ੂਗਰ ਬੋਰਡ’ ਲਗਾਏ ਜਾਣਗੇ। ਇਨ੍ਹਾਂ ਰਾਹੀਂ ਬੱਚਿਆਂ ਨੂੰ ਚੀਨੀ ਦੇ ਸੇਵਨ ਨਾਲ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ’ਚ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ’ਚ ‘ਪੋਸ਼ਣ ਮਿੱਤਰ’ ਜਾਗਰੂਕਤਾ ਵੀਡੀਓ ਵੀ ਦਿਖਾਈ ਜਾਵੇਗੀ। ਮੁਹਿੰਮ ਦੀ ਨਿਗਰਾਨੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨੋਡਲ ਅਫ਼ਸਰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਕੂਲਾਂ ’ਚ ‘ਸ਼ੂਗਰ ਬੋਰਡ’ ਲਗਾਉਣ ਸਬੰਧੀ ਸੰਖੇਪ ਰਿਪੋਰਟ ਅਤੇ ਤਸਵੀਰਾਂ 15 ਅਕਤੂਬਰ 2026 ਤੱਕ ਕਮਿਸ਼ਨ ਨੂੰ ਈ-ਮੇਲ ਰਾਹੀਂ ਭੇਜਣੀਆਂ ਲਾਜ਼ਮੀ ਹੋਣਗੀਆਂ। ਕਮਿਸ਼ਨ ਦੇ ਡਾਇਰੈਕਟਰ ਵੀ. ਰਾਮਾਨਧਾ ਰੈੱਡੀ (ਆਈਆਰਐੱਸ) ਵੱਲੋਂ ਜਾਰੀ ਨਿਰਦੇਸ਼ਾਂ ਦਾ ਉਦੇਸ਼ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

Share: