ਏਕਤਾ ਦਾ ਸ਼ੋਅ: ਨਾ ਅੱਖਾਂ ਦਾ ਮੇਲ, ਨਾ ਦਿਲਾਂ ’ਚ ਖਿੱਚ

ਏਕਤਾ ਦਾ ਸ਼ੋਅ: ਨਾ ਅੱਖਾਂ ਦਾ ਮੇਲ, ਨਾ ਦਿਲਾਂ ’ਚ ਖਿੱਚ

ਚੰਡੀਗਡ਼੍ਹ : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ’ਚ ਇੱਥੇ ਸੂਬਾਈ ਕਾਂਗਰਸ ਦੇ ਸਾਰੇ ਨੇਤਾ ਇੱਕੋ ਮੰਚ ’ਤੇ ਦਿੱਖੇ। ਕਰੀਬ ਪੌਣੇ ਤਿੰਨ ਮਹੀਨੇ ਦੇ ਅਰਸੇ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕੱਠੇ ਤੌਰ ’ਤੇ ਸਟੇਜ ਸਾਂਝੀ ਕੀਤੀ। ਜਦੋਂ ਨਵੇਂ ਇੰਚਾਰਜ ਸਚਿਨ ਪਾਇਲਟ ਅੱਜ ਚੰਡੀਗੜ੍ਹ ਆਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਲਾਲੜੂ ’ਚ ਰਾਜਾ ਵੜਿੰਗ ਨੇ ਕੀਤਾ ਜਦੋਂਕਿ ਚੰਨੀ ਧੜਾ ਪਹਿਲਾਂ ਹੀ ਕਾਂਗਰਸ ਭਵਨ ਵਿਚਲੇ ਇਕੱਠ ’ਚ ਸਜ ਗਿਆ ਸੀ।

ਸਟੇਜ ਉੱਤੇ ਇੱਕੋ ਕਤਾਰ ’ਚ ਸਭ ਨੇਤਾ ਬੈਠੇ ਨਜ਼ਰ ਆਏ। ਅੱਜ ਪੰਜਾਬ ਕਾਂਗਰਸ ਦਾ ਮੰਚ ਸਾਂਝਾ ਸੀ, ਨਾਅਰੇ ਸਾਂਝੇ ਸਨ ਤੇ ਇੱਥੋਂ ਤੱਕ ਕਿ ਭਾਸ਼ਣ ਵੀ ਸਾਂਝੇ ਸਨ। ਬਾਹਰੀ ਤੌਰ ’ਤੇ ਅੱਜ ਪੰਜਾਬ ਕਾਂਗਰਸ ਨੇ ਸਭ ਅੱਛਾ ਹੋਣ ਦਾ ਸੁਨੇਹਾ ਦਿੱਤਾ। ਪੰਜਾਬ ਕਾਂਗਰਸ ਅੱਜ ਸਟੇਜ ਤੋਂ ‘ਏਕਤਾ ਦਾ ਸ਼ੋਅ’ ਕਰਨ ਵਿੱਚ ਸਫ਼ਲ ਰਹੀ। ਸਟੇਜ ’ਤੇ ਸੱਜੇ ਪਾਸੇ ਚਰਨਜੀਤ ਚੰਨੀ, ਖੱਬੇ ਪਾਸੇ ਰਾਜਾ ਵੜਿੰਗ ਅਤੇ ਐਨ ਵਿਚਾਲੇ ਸਚਿਨ ਪਾਇਲਟ ਬੈਠੇ ਸਨ। ਵੜਿੰਗ ਅਤੇ ਚੰਨੀ ਨੇ ਆਪਸ ’ਚ ਗੱਲਬਾਤ ਵੀ ਕੀਤੀ। ਜਦੋਂ ਵੜਿੰਗ, ਚੰਨੀ ਦਾ ਹੱਥ ਘੁੱਟ ਕੇ ਸ਼ਿੱਦਤ ਨਾਲ ਦੇਖ ਰਹੇ ਸਨ ਤਾਂ ਚੰਨੀ ਨੇ ਨਜ਼ਰਾਂ ਚੁਰਾ ਲਈਆਂ ਤੇ ਸਿੱਧੀਆਂ ਪੰਡਾਲ ’ਤੇ ਟਿਕਾ ਲਈਆਂ। ਸ੍ਰੀ ਚੰਨੀ ਅਤੇ ਸ੍ਰੀ ਵੜਿੰਗ ’ਚ ਦੁਆ ਸਲਾਮ ਤਾਂ ਹੋਈ ਪਰ ਦਿਲਾਂ ਦੇ ਜੁਗਰਾਫ਼ੀਏ ’ਚ ਵਿੱਥਾਂ ਸਨ। ਨਾ ਨਜ਼ਰ ਮਿਲੀ ਅਤੇ ਨਾ ਹੀ ਦਿਲ। ਹਾਵ-ਭਾਵ ਦੀ ਤਰਤੀਬ ਵੀ ਹਿੱਲੀ ਹੋਈ ਨਜ਼ਰ ਆਈ। ਸਟੇਜ ਤੋਂ ਭਾਸ਼ਣ ਸਾਂਝੇ ਸਨ ਪਰ ਸੁਰ-ਤਾਲ ਵੱਖੋ-ਵੱਖਰੇ ਸਨ। ਰਾਜਾ ਵੜਿੰਗ ਜਦੋਂ ਦੇਖ ਰਹੇ ਸਨ ਤਾਂ ਚੰਨੀ ਦੀਆਂ ਅੱਖਾਂ ’ਚ ਗਰਮਜੋਸ਼ੀ ਨਹੀਂ ਸੀ। ਇੰਜ ਜਾਪਦਾ ਸੀ ਕਿ ਜਿਵੇਂ ਕਿਸੇ ਨਾਟਕ ਦਾ ਦ੍ਰਿਸ਼ ਹੋਵੇ ਅਤੇ ਇਹ ਨੇਤਾ ਅਭਿਨੈ ਕਰ ਰਹੇ ਹੋਣ। ਸਟੇਜ ’ਤੇ ਆਗੂਆਂ ’ਚ ਏਕਤਾ ਦਾ ਘੱਟ, ਬੇਵਸੀ ਦਾ ਮੁਜ਼ਾਹਰਾ ਵੱਧ ਜਾਪ ਰਿਹਾ ਸੀ। ਜਦੋਂ ਚਰਨਜੀਤ ਚੰਨੀ ਭਾਸ਼ਣ ਲਈ ਉੱਠੇ ਤਾਂ ਪੰਡਾਲ ’ਚੋਂ ਨਾਅਰੇ ਗੂੰਜੇ। ਸ੍ਰੀ ਚੰਨੀ ਨੇ ਭਾਸ਼ਣ ਦੇ ਸ਼ੁਰੂ ’ਚ ਸਚਿਨ ਪਾਇਲਟ ਤੋਂ ਸਿਵਾਏ ਕਿਸੇ ਦਾ ਨਾਮ ਨਹੀਂ ਲਿਆ, ਜਦੋਂਕਿ ਸ੍ਰੀ ਵੜਿੰਗ ਨੇ ਸ੍ਰੀ ਚੰਨੀ ਅਤੇ ਸ੍ਰੀ ਬਾਜਵਾ ਸਮੇਤ ਆਗੂਆਂ ਨੂੰ ਸਤਿਕਾਰਯੋਗ ਦੱਸਿਆ।

ਸਚਿਨ ਪਾਇਲਟ ਨੇ ਸਟੇਜ ਤੋਂ ਕਿਹਾ ਕਿ ਪੰਜਾਬ ਕਾਂਗਰਸ ’ਚ ਕੋਈ ਧੜੇਬੰਦੀ ਨਹੀਂ ਹੈ। ਜੇਕਰ ਕੋਈ ਆਗੂ ਵਰਕਰਾਂ ਦੀ ਗੱਲ ਨਹੀਂ ਸੁਣਦਾ ਤਾਂ ਵਰਕਰ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਟੇਜ ਤੋਂ ਕਿਹਾ ਕਿ ਕਾਂਗਰਸ ਪਾਰਟੀ ਬਿਨਾਂ ਚਿਹਰੇ ਤੋਂ ਮੈਦਾਨ ’ਚ ਆਵੇਗੀ ਤੇ ਪਾਰਟੀ ਦਾ ਪੰਜਾਬ ਚੋਣਾਂ ’ਚ ਚਿਹਰਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਮਲਿਕਾਰਜੁਨ ਖੜਗੇ ਤੇ ਸਚਿਨ ਪਾਇਲਟ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣਾਂ ਜਿੱਤੀਏ, ਫਿਰ ਮੁੱਖ ਮੰਤਰੀ ਦਾ ਫ਼ੈਸਲਾ ਵੀ ਹੋ ਜਾਵੇਗਾ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੇ ਇੱਕਜੁੱਟ ਹੋਣ ਦਾ ਵਾਰ-ਵਾਰ ਜ਼ਿਕਰ ਕੀਤਾ। ਸਾਬਕਾ ਮੁੱਖ ਮੰਤਰੀ ਚੰਨੀ ਨੇ ਇਕੱਠੇ ਹੋ ਕੇ ਚੋਣਾਂ ਲੜਨ ਦੀ ਗੱਲ ਕਹੀ। ਦੇਖਿਆ ਜਾਵੇ ਤਾਂ ਪੁਰਾਣੇ ਇੰਚਾਰਜ ਭੁਪੇਸ਼ ਬਘੇਲ ਚੰਨੀ ਤੇ ਵੜਿੰਗ ਧੜੇ ਨੂੰ ਇਕੱਠੇ ਕਰਨ ’ਚ ਫੇਲ੍ਹ ਰਹੇ ਸਨ ਜਦੋਂਕਿ ਸਚਿਨ ਪਾਇਲਟ ਦੀ ਅੱਜ ਪਹਿਲੀ ਪੰਜਾਬ ਫੇਰੀ ਮੌਕੇ ਸਭ ਕਾਂਗਰਸੀ ਨੇਤਾ ਇੱਕ ਕਤਾਰ ’ਚ ਬੈਠੇ ਨਜ਼ਰ ਆਏ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਰਾਜਾ ਵੜਿੰਗ ਆਖ਼ਰੀ ਵਾਰ ਇੱਕ ਪ੍ਰੈੱਸ ਕਾਨਫਰੰਸ ਮੌਕੇ 24 ਜੂਨ ਨੂੰ ਇਕੱਠੇ ਹੋਏ ਸਨ।

ਪਿੰਡ ਤੂਰਬੰਜਾਰਾ ’ਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਘਟਨਾ ਦੇ ਮਾਮਲੇ ’ਚ ਅੱਜ ਕਾਂਗਰਸ ਨੇ ਇੱਥੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਵੱਲ ਮਾਰਚ ਕੀਤਾ। ਇਸ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਵਿਜੈ ਇੰਦਰ ਸਿੰਗਲਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਗੂ, ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਹਾਜ਼ਰ ਸਨ।

Share: