Asia Cup Trophy: ਨਕਵੀ ਤੋਂ ਟਰਾਫ਼ੀ ਨਾ ਲੈਣ ਦਾ ਵਿਵਾਦ ਦੂਜੇ ਸਾਲ ਵੀ ਜਾਰੀ; ਭਾਰਤੀ ਮਹਿਲਾ ਟੀਮ ਨੇ ਕੀਤਾ ਬਾਈਕਾਟ

Asia Cup Trophy: ਨਕਵੀ ਤੋਂ ਟਰਾਫ਼ੀ ਨਾ ਲੈਣ ਦਾ ਵਿਵਾਦ ਦੂਜੇ ਸਾਲ ਵੀ ਜਾਰੀ; ਭਾਰਤੀ ਮਹਿਲਾ ਟੀਮ ਨੇ ਕੀਤਾ ਬਾਈਕਾਟ

ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਮਾਤ ਦੇ ਕੇ ਰਿਕਾਰਡ 8ਵੀਂ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਪਰ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫ਼ੀ ਲੈਣ ਤੋਂ ਇਨਕਾਰ ਕਰਨ ਕਾਰਨ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਲਗਾਤਾਰ ਦੂਜੇ ਸਾਲ ਏਸ਼ੀਆ ਕੱਪ ਟਰਾਫ਼ੀ ਨੂੰ ਲੈ ਕੇ ਇਹ ਡੈੱਡਲਾਕ ਬਰਕਰਾਰ ਰਿਹਾ, ਕਿਉਂਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਦੇ ਪਰ ਖਿਡਾਰੀ ਟੂਰਨਾਮੈਂਟ ਤੋਂ ਬਾਅਦ ਦੇ ਪੇਸ਼ਕਾਰੀ ਸਮਾਰੋਹ ਲਈ ਮੈਦਾਨ ’ਤੇ ਨਹੀਂ ਦਿਖਾਈ ਦਿੱਤੇ।

ਮੈਚ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਟੀਮ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ(Amol Muzumdar) ਨੇ ਟੀਮ ਦੇ ਇਸ ਕਦਮ ਦਾ ਬਚਾਅ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਆਧਿਕਾਰਤ ਸਟੈਂਡ ਹੈ। ਉਨ੍ਹਾਂ ਕਿਹਾ, ਭਾਰਤ ਅਧਿਕਾਰਤ ਤੌਰ ‘ਤੇ ਏਸ਼ੀਆ ਕੱਪ ਦਾ ਚੈਂਪੀਅਨ ਹੈ। ਟਰਾਫ਼ੀ ਮਿਲੇ ਜਾਂ ਨਾ ਮਿਲੇ, ਇਸ ਨਾਲ ਸਾਡੇ ਲਈ ਕੋਈ ਫ਼ਰਕ ਨਹੀਂ ਪੈਂਦਾ। ਇਹ ਬੀਸੀਸੀਆਈ ਦਾ ਫੈਸਲਾ ਹੈ ਅਤੇ ਅਸੀਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਅਸੀਂ ਇਸ ਬਾਰੇ ਹੋਰ ਕੁਝ ਨਹੀਂ ਕਹਿ ਸਕਦੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਨਕਵੀ ਤੋਂ ਏਸ਼ੀਆ ਕੱਪ ਦੀ ਟਰਾਫ਼ੀ ਅਤੇ ਮੈਡਲ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਮੋਹਸਿਨ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਵੱਡੇ ਅਹੁਦੇਦਾਰ ਹੋਣ ਦੇ ਨਾਲ-ਨਾਲ ਉੱਥੋਂ ਦੇ ਗ੍ਰਹਿ ਮੰਤਰੀ ਵੀ ਹਨ। ਪਿਛਲੇ ਸਾਲ ਪੁਰਸ਼ ਟੀਮ ਵੱਲੋਂ ਟਰਾਫ਼ੀ ਨਾ ਲਏ ਜਾਣ ਤੋਂ ਬਾਅਦ ਉਹ ਟਰਾਫ਼ੀ ਏਸੀਸੀ (ACC) ਦੇ ਦਫ਼ਤਰ ਵਿੱਚ ਹੀ ਰੱਖ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਬਿਨਾਂ ਅਸਲੀ ਟਰਾਫ਼ੀ ਤੋਂ ਹੀ ਮੰਚ ’ਤੇ ਜਸ਼ਨ ਮਨਾਇਆ ਸੀ।

ਇਸ ਵਾਰ ਵੀ ਸਥਿਤੀ ਕੁਝ ਅਜਿਹੀ ਹੀ ਰਹੀ। ਭਾਰਤੀ ਮਹਿਲਾ ਟੀਮ ਦੀਆਂ ਖਿਡਾਰਨਾਂ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਵੱਲੋਂ ਨੰਦਿਨੀ ਸ਼ਰਮਾ ਨੂੰ ਟੀਮ ਦੇ ਅੰਦਰੂਨੀ ‘ਬੈਸਟ ਫੀਲਡਰ’ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਮੈਦਾਨ ’ਤੇ ਵਾਪਸ ਨਹੀਂ ਪਰਤੀਆਂ। ਦੂਜੇ ਪਾਸੇ, ਸ਼੍ਰੀਲੰਕਾਈ ਟੀਮ ਨੇ ਨਕਵੀ ਤੋਂ ਰਨਰ-ਅੱਪ ਦਾ ਚੈੱਕ ਪ੍ਰਾਪਤ ਕੀਤਾ ਅਤੇ ਐੱਸਐੱਲਸੀ (SLC) ਦੇ ਅੰਤਰਿਮ ਮੁਖੀ ਏਰਾਨ ਵਿਕਰਮਾਰਤਨੇ ਤੋਂ ਮੈਡਲ ਲਏ। ਨਕਵੀ ਸ਼੍ਰੀਲੰਕਾਈ ਕਪਤਾਨ ਚਮਾਰੀ ਅਥਾਪੱਥੂ ਨੂੰ ਇਨਾਮ ਦੇਣ ਤੋਂ ਤੁਰੰਤ ਬਾਅਦ ਸਟੇਡੀਅਮ ਛੱਡ ਕੇ ਚਲੇ ਗਏ, ਪਰ ਪਿਛਲੇ ਸਾਲ ਦੇ ਉਲਟ ਇਸ ਵਾਰ ਉਹ ਆਪਣੇ ਨਾਲ ਟਰਾਫ਼ੀ ਚੁੱਕ ਕੇ ਨਹੀਂ ਲੈ ਗਏ।

ਪਿਛਲੇ ਸਾਲ ਪਹਿਲਗਾਮ ਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਚਲਾਏ ਗਏ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਕੂਟਨੀਤਕ ਸਬੰਧ ਪੂਰੀ ਤਰ੍ਹਾਂ ਜੰਮੇ ਹੋਏ ਹਨ। ਇਸੇ ਤਣਾਅ ਦੇ ਚਲਦਿਆਂ ਦੋਵਾਂ ਦੇਸ਼ਾਂ ਦੇ ਖਿਡਾਰੀ (ਪੁਰਸ਼ ਅਤੇ ਮਹਿਲਾ) ਆਈਸੀਸੀ (ICC) ਜਾਂ ਏਸੀਸੀ ਦੇ ਸਮਾਗਮਾਂ ਦੌਰਾਨ ਇੱਕ-ਦੂਜੇ ਨਾਲ ਹੱਥ ਨਾ ਮਿਲਾਉਣ ਦੇ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ।

Share: