ਸੰਗਰੂਰ : ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦਾ ਸਿਰਫ਼ ਏਨਾ ਕਸੂਰ ਸੀ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ’ਚ ‘ਚਿੱਟੇ’ ਦਾ ਕਾਲਾ ਸੱਚ ਦੱਸਣ ਦੀ ਭੁੱਲ ਕਰ ਬੈਠਾ। ਜਦੋਂ ਵਿੱਤ ਮੰਤਰੀ ਦਾ ਕਾਫ਼ਲਾ ਪਿੰਡ ਪੁੱਜਿਆ ਤਾਂ ਉਸ ਨੂੰ ਇਸ ਕਾਫ਼ਲੇ ’ਚੋਂ ਆਸ ਦੀ ਕਿਰਨ ਨਜ਼ਰ ਪਈ। ਉਸ ਦੇ ਸੀਨੇ ’ਚ ਆਪਣੇ ਜਵਾਨ ਪੁੱਤ ਨੂੰ ਬਚਾਉਣ ਦੀ ਤੜਫ ਸੀ। ਇਸ ਮਜ਼ਦੂਰ ਨੇ ਆਪਣੇ ਪੁੱਤ ਦੇ ਚਿੱਟੇ ’ਤੇ ਲੱਗਣ ਦੀ ਦਰਦ ਕਹਾਣੀ ਦੱਸੀ।
ਘਰ ਦੀ ਹਰ ਚੀਜ਼ ਵਿਕਣ ਦੀ ਗਾਥਾ ਸੁਣਾਈ ਕਿ ਉਹ ਆਪਣੇ ਜਿਊਂਦੇ ਪੁੱਤ ਨੂੰ ਹਰ ਰੋਜ਼ ਮਰਦੇ ਹੋਏ ਕਿਵੇਂ ਦੇਖੇ। ਮਾਪਿਆਂ ਲਈ ਇਹ ਵੱਡਾ ਦੋਜ਼ਖ਼ ਸੀ ਤੇ ਮਜ਼ਦੂਰ ਲਈ ਆਪਣੀ ਔਲਾਦ ਨੂੰ ਬਚਾਉਣ ਲਈ ਇਹ ਆਖ਼ਰੀ ਗੁਹਾਰ ਸੀ। ਉਹ ਇਸ ਗੱਲੋਂ ਅਣਜਾਣ ਸੀ ਕਿ ਸ਼ਰ੍ਹੇਆਮ ‘ਚਿੱਟੇ’ ਬਾਰੇ ਕੀਤਾ ਸਵਾਲ ਹੀ ਉਸ ਦੀ ਮੌਤ ਦਾ ਪਰਵਾਨਾ ਬਣ ਜਾਵੇਗਾ। ਮਜ਼ਦੂਰ ਗੁਲਜ਼ਾਰ ਸਿੰਘ ਨੇ ਹਕੀਕਤ ਦਿਖਾਈ, ਜਦੋਂ ਕਿ ਪੰਚਾਇਤ ਨੇ ਇਸ ਗ਼ਰੀਬ ਨੂੰ ਔਕਾਤ ਦਿਖਾ ਦਿੱਤੀ। ਕੇਹਾ ਇਨਸਾਫ਼ ਹੈ ਕਿ ਇੱਕ ਸਵਾਲ ਨੂੰ ਹੀ ਅਪਰਾਧ ਬਣਾ ਦਿੱਤਾ ਗਿਆ। ਪੰਚਾਇਤ ਨੂੰ ਮਜ਼ਦੂਰ ਦਾ ਦਰਦ ਆਪਣੀ ਹੇਠੀ ਜਾਪਿਆ। ਮਜ਼ਦੂਰ ਉਸ ਵਕਤ ਸੁੰਨ ਹੋ ਗਿਆ ਜਦੋਂ ਸਰਪੰਚ ਨੇ ਉਸ ਨੂੰ ‘ਸਵਾਲ’ ਪੁੱਛਣ ਬਦਲੇ ਜਨਤਕ ਮੁਆਫ਼ੀ ਮੰਗਣ ਲਈ ਦਬਾਅ ਪਾਇਆ। ਉਹ ਸਮਾਜਿਕ ਅਪਮਾਨ ਕਿਵੇਂ ਸਹਾਰਦਾ, ਇਹੋ ਸੋਚ ਜਦ ਮਨ ’ਤੇ ਭਾਰੂ ਹੋ ਗਈ ਤੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਗੁਲਜ਼ਾਰ, ਪੁੱਤ ਲਈ ਜ਼ਿੰਦਗੀ ਮੰਗਣ ਗਿਆ ਸੀ ਪਰ ਬਦਲੇ ’ਚ ਉਸ ਨੂੰ ਮੌਤ ਦੀ ਸੌਗਾਤ ਮਿਲੀ। ਜ਼ਿੰਦਗੀ ਤੇ ਮੌਤ ਵਿਚਾਲੇ ਲੜਿਆ, ਆਖ਼ਰ ਦਮ ਤੋੜ ਗਿਆ।
ਪਰਿਵਾਰ ਕੋਲ ਹੁਣ ਹਉਕੇ ਤੇ ਹੰਝੂ ਬਚੇ ਹਨ ਜਾਂ ਫਿਰ ਗੁਲਜ਼ਾਰ ਸਿੰਘ ਦੀ ਇੱਕ ਤਸਵੀਰ ਜੋ ਹਮੇਸ਼ਾ ਇੱਕ ‘ਸਵਾਲ ਦੇ ਮੁੱਲ’ ਦੀ ਗਵਾਹੀ ਭਰੇਗੀ। ਇਸ ਮਜ਼ਦੂਰ ਦੇ ਘਰ ਦੇ ਕਮਰਿਆਂ ਨੂੰ ਦਰਵਾਜ਼ੇ ਵੀ ਨਸੀਬ ਨਹੀਂ ਹੋਏ। ਘਰ ਦੇਖ ਕੇ ਇੰਜ ਜਾਪਦਾ ਸੀ ਕਿ ਜਿਵੇਂ ਗ਼ੁਰਬਤ ਨੇ ਪੈਰ ਪਸਾਰੇ ਹੋਣ। ਮਜ਼ਦੂਰ ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਂਬਰ ਆਖਦੇ ਹਨ ਕਿ ਮੁੰਡੇ ਨੇ ਨਸ਼ੇ ’ਚ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ।
ਪਿੰਡ ’ਚ ਸ਼ਰ੍ਹੇਆਮ ਨਸ਼ਾ ਵਿਕਦੈ, ਜਿਸ ਤੋਂ ਤੰਗ ਆਏ ਉਨ੍ਹਾਂ ਦੇ ਜੀਅ ਨੇ ਸਵਾਲ ਚੁੱਕਿਆ ਸੀ। ਸੋਸ਼ਲ ਮੀਡੀਆ ’ਤੇ ‘ਚਿੱਟੇ’ ਬਾਰੇ ਸਵਾਲ ਦੀ ਵੀਡੀਓ ਨਸ਼ਰ ਹੋ ਗਈ ਤੇ ਇਹੋ ਸੱਚ ਕਾਲਾ ਪਰਛਾਵਾਂ ਬਣ ਕੇ ਮਜ਼ਦੂਰ ਦਾ ਪਿੱਛਾ ਕਰਦਾ ਰਿਹਾ। ਮਜ਼ਦੂਰ ਗੁਲਜ਼ਾਰ ਸਿੰਘ ਦੇ ਚਲੇ ਜਾਣ ਮਗਰੋਂ ਹੁਣ ਉਸ ਦੇ ਵਿਹੜੇ ’ਚ ਪਤਝੜ ਹੈ। ਜਦੋਂ ਪੁੱਤ ਚਿੱਟੇ ’ਤੇ ਲੱਗ ਗਿਆ, ਉਦੋਂ ਤੋਂ ਹੀ ਇਸ ਮਜ਼ਦੂਰ ਦੀ ਕਮਾਈ ਚਿੱਟੇ ਦੇ ਧੂੰਏਂ ’ਚ ਉੱਡਣ ਲੱਗ ਗਈ ਸੀ। ਅੱਜ ਗੁਲਜ਼ਾਰ ਨੂੰ ਅੰਤਿਮ ਰਸਮਾਂ ਵੀ ਨਸੀਬ ਨਹੀਂ ਹੋਈਆਂ। ਪੁਲੀਸ ਪਹਿਰੇ ਹੇਠ ਹੀ ਮਜ਼ਦੂਰ ਦਾ ਸਸਕਾਰ ਹੋਇਆ।
ਮਜ਼ਦੂਰ ਦੇ ਪਰਿਵਾਰ ’ਚ ਅਜੀਬ ਖ਼ਾਮੋਸ਼ੀ ਹੈ ਤੇ ਵਿਰਲਾਪ ਵੀ। ਮੁਆਫ਼ੀ ਮੰਗ ਕੇ ਅਣਖ ਨਿਲਾਮ ਕਰਨ ਨਾਲੋਂ ਮਜ਼ਦੂਰ ਨੇ ਜ਼ਿੰਦਗੀ ਨੂੰ ਹੀ ਠੋਕਰ ਮਾਰ ਦਿੱਤੀ ਜਿਸ ਕਾਫ਼ਲੇ ’ਚੋਂ ਇਸ ਮਜ਼ਦੂਰ ’ਤੇ ਆਖ਼ਰੀ ਉਮੀਦ ਤੱਕੀ ਸੀ, ਉਹ ਕਾਫ਼ਲੇ ਪੰਜਾਬ ਦੀ ਜੂਹ ਆਏ ਦਿਨ ਦੇਖੇਗੀ। ਕਦੋਂ ਤੱਕ ਚਿੱਟੇ ਦੀ ਧੌਂਸ ਹੇਠ ਪੰਜਾਬ ਰਹੇਗਾ, ਇਹ ਸਵਾਲ ਉਦੋਂ ਤੱਕ ਗੂੰਜਦਾ ਰਹੇਗਾ ਜਦੋਂ ਤੱਕ ਚਿੱਟਾ ਪੰਜਾਬ ਨੂੰ ਅਲਵਿਦਾ ਨਹੀਂ ਆਖ ਜਾਂਦਾ।

