ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ

ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ

ਡੇਰਾ ਬਾਬਾ ਨਾਨਕ : ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬੰਦ ਹਨ, ਪਰ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋਇਆ। ਡੇਰਾ ਬਾਬਾ ਨਾਨਕ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰਕ ਸੂਤਰਾਂ ਤੋਂ ਮਿਲੀ ਖਾਸ ਜਾਣਕਾਰੀ ਅਨੁਸਾਰ, ਜੱਗੂ ਦੀ ਇੱਕ ਕਰੀਬੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕੁਝ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ ‘ਆਪ’ ਵਿੱਚ ਸ਼ਾਮਲ ਹੋ ਕੇ ਜ਼ੀਰਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਦੋਸਤ ਕੋਲ ਹੈ ਵਿੱਤੀ ਕੰਟਰੋਲ

ਸੂਤਰਾਂ ਮੁਤਾਬਕ ਅਪਰੈਲ 2019 ਵਿੱਚ ਜੱਗੂ ਦੀ ਪਤਨੀ ਦੀ ਘਰ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋਣ ਤੋਂ ਬਾਅਦ ਇਹ ਮਹਿਲਾ ਦੋਸਤ ਉਸ ਦੇ ਕਰੀਬ ਆਈ ਸੀ। ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਅਤੇ ਵਿਦੇਸ਼ ਵਿੱਚ ਵੱਸੀ ਇਹ ਮਹਿਲਾ ਹੁਣ ਭਾਰਤ ਅਤੇ ਵਿਦੇਸ਼ ਵਿੱਚ ਜੱਗੂ ਦੀਆਂ ਜ਼ਿਆਦਾਤਰ ਸਰਗਰਮੀਆਂ ਦੇ ਨਾਲ-ਨਾਲ ਉਸ ਦੇ ਵਿੱਤੀ ਕੰਮਾਂ ਨੂੰ ਵੀ ਸੰਭਾਲ ਰਹੀ ਹੈ। ਹਾਲ ਹੀ ਵਿੱਚ ਉਸ ਨੂੰ ਡੇਰਾ ਬਾਬਾ ਨਾਨਕ ਵਿੱਚ ਵੀ ਦੇਖਿਆ ਗਿਆ ਸੀ। ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਚੋਣ ਲੜਾਉਣ ਦਾ ਫ਼ੈਸਲਾ ਜੱਗੂ ਦੀ ਸਹਿਮਤੀ ਨਾਲ ਲਿਆ ਗਿਆ ਹੈ।

ਦੱਸ ਦੇਈਏ ਕਿ ਜੱਗੂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ, ਪਰ ਅਜੇ ਤੱਕ ਕਿਸੇ ਵੀ ਮਾਮਲੇ ਵਿੱਚ ਉਸ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਕੋਈ ਵੀ ਗਵਾਹ ਉਸ ਦੇ ਖਿਲਾਫ ਗਵਾਹੀ ਦੇਣ ਲਈ ਤਿਆਰ ਨਹੀਂ ਹੁੰਦਾ। ਇੱਥੋਂ ਤੱਕ ਕਿ ਉਸ ਦਾ ਨਾਂ ਐਫ.ਬੀ.ਆਈ. (FBI) ਦੀਆਂ ਫਾਈਲਾਂ ਵਿੱਚ ਵੀ ਦਰਜ ਹੈ।

ਰਾਜਵਿੰਦਰ ਕੌਰ ਦੀ ਸਰਗਰਮੀ ਅਤੇ ਸਮੂਹ ਵਿਆਹਾਂ ’ਤੇ ਵਿਵਾਦ

ਪਰਿਵਾਰ ਨੇ ਪਹਿਲਾਂ ਜੱਗੂ ਦੀ ਮਾਸੀ ਰਾਜਵਿੰਦਰ ਕੌਰ (ਜੋ ਕਿ ਇਲਾਕੇ ਵਿੱਚ ‘ਮਾਸੀ’ ਵਜੋਂ ਮਸ਼ਹੂਰ ਹਨ) ਨੂੰ ਉਮੀਦਵਾਰ ਵਜੋਂ ਤੈਅ ਕੀਤਾ ਸੀ। ਆਪਣੀ ਸਿਆਸੀ ਇੱਛਾ ਨੂੰ ਅੱਗੇ ਵਧਾਉਂਦਿਆਂ ਰਾਜਵਿੰਦਰ ਕੌਰ ਲਗਾਤਾਰ ਇਲਾਕੇ ਦੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋ ਰਹੀ ਹੈ। ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, “ਹਾਂ ਜੀ, ਅਸੀਂ ਚੋਣ ਲੜਾਂਗੇ। ਬਾਕੀ ਅਕਾਲ ਪੁਰਖ ਦੀ ਮਰਜ਼ੀ ਹੈ।”

ਪਰਿਵਾਰ ਵੱਲੋਂ ਜਨਵਰੀ ਵਿੱਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ’ਤੇ ‘ਆਪ’ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਰਾਜਵਿੰਦਰ ਕੌਰ ਵੱਲੋਂ ਸਮਾਗਮਾਂ ਵਿੱਚ ਮਹਿੰਗੇ ਸ਼ਗਨ ਦਿੱਤੇ ਜਾ ਰਹੇ ਹਨ ਅਤੇ ਪੁਲੀਸ ਨੂੰ ਇਸ ਦੀ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਦੂਜੇ ਪਾਸੇ, ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜਵਿੰਦਰ ਕੌਰ ਨੇ ਆਖਿਆ, “ਸਾਡੇ ਕੋਲ ਜਦੋਂ ਪੈਸੇ ਨਹੀਂ ਸੀ, ਅਸੀਂ ਤਾਂ ਵੀ ਲੋਕਾਂ ਦੀ ਸੇਵਾ ਕਰਦੇ ਸੀ। ਹੁਣ ਪੈਸੇ ਆ ਗਏ ਹਨ, ਅਕਾਲ ਪੁਰਖ ਤੋਂ ਇਲਾਵਾ ਸਾਨੂੰ ਕੋਈ ਨਹੀਂ ਰੋਕ ਸਕਦਾ।”

ਵਿਰੋਧੀਆਂ ਦੇ ਗੰਭੀਰ ਦੋਸ਼

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੰਡਿੰਗ ਦੇ ਸਰੋਤਾਂ ’ਤੇ ਸਵਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਵਿਆਪਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਗੈਂਗਸਟਰ ਰਾਜ ਵੱਲ ਧੱਕ ਰਹੀ ਹੈ ਅਤੇ ਪੁਲੀਸ ਪ੍ਰਸ਼ਾਸਨ ਵੀ ਇਨ੍ਹਾਂ ਤਾਕਤਾਂ ਨਾਲ ਮਿਲਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਰੰਧਾਵਾ ਅਤੇ ਜੱਗੂ ਭਗਵਾਨਪੁਰੀਆ ਵਿਚਕਾਰ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਰਿਹਾ ਹੈ। 2024 ਦੀ ਡੇਰਾ ਬਾਬਾ ਨਾਨਕ ਉਪ-ਚੋਣ ਦੌਰਾਨ ਵੀ ਗੈਂਗਸਟਰ ਵੱਲੋਂ ਕਾਂਗਰਸੀ ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਕਾਂਗਰਸੀ ਉਮੀਦਵਾਰ ਬਹੁਤ ਘੱਟ ਫਰਕ ਨਾਲ ਹਾਰ ਗਈ ਸੀ।

Share: