ਸ਼ਿਮਲਾ ; ਹਿਮਾਚਲ ਪ੍ਰਦੇਸ਼ ਸਰਕਾਰ ਨੇ ਦਿੱਲੀ, ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਸਥਿਤ ਚੁਣੇ ਹੋਏ ਸਰਕਾਰੀ ਗੈਸਟ ਹਾਊਸਾਂ ਦੇ 24 ਖਾਸ ਕਮਰਿਆਂ ਦਾ ਕਿਰਾਇਆ ਵਧਾ ਕੇ 3,000 ਰੁਪਏ ਪ੍ਰਤੀ ਦਿਨ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਆਮ ਲੋਕਾਂ ਦੀ ਆਨਲਾਈਨ ਬੁਕਿੰਗ ਲਈ ਖੋਲ੍ਹ ਦਿੱਤਾ ਹੈ। ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ (GAD) ਵੱਲੋਂ ਸੂਬੇ ਦੇ ਆਨਲਾਈਨ ਬੁਕਿੰਗ ਪੋਰਟਲ ‘ਹਿਮ-ਅਤਿਥੀ’ (Him-Atithi) ਵਿੱਚ ਤਕਨੀਕੀ ਅਪਗ੍ਰੇਡੇਸ਼ਨ ਤੋਂ ਬਾਅਦ ਇਨ੍ਹਾਂ ਨਵੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਆਮ ਲੋਕ ਹੁਣ ਇਸ ਪੋਰਟਲ ਜ਼ਰੀਏ ਦਿੱਲੀ, ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਬਣੇ ਸਰਕਾਰੀ ਗੈਸਟ ਹਾਊਸਾਂ ਵਿੱਚ ਰੁਕਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਪਹਿਲਾਂ ਇਨ੍ਹਾਂ ਕਮਰਿਆਂ ਦਾ ਕਿਰਾਇਆ 1,200 ਰੁਪਏ ਸੀ, ਜਿਸ ਨੂੰ ਵਧਾ ਕੇ ਟੈਕਸਾਂ ਸਮੇਤ 3,000 ਰੁਪਏ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਕਮਰਿਆਂ ਦਾ ਪੁਰਾਣਾ ਕਿਰਾਇਆ 1,200 ਰੁਪਏ ਪ੍ਰਤੀ ਦਿਨ ਹੀ ਬਰਕਰਾਰ ਰੱਖਿਆ ਗਿਆ ਹੈ।
ਬੁਕਿੰਗ ਦੇ ਨਿਯਮ, ਐਡਵਾਂਸ ਭੁਗਤਾਨ ਅਤੇ ਰੱਦ ਕਰਨ ਦੀ ਨੀਤੀ
ਸੂਬਾ ਸਰਕਾਰ ਦੇ ਜਿਨ੍ਹਾਂ 24 ਕਮਰਿਆਂ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ, ਉਨ੍ਹਾਂ ਵਿੱਚ ਨਵੀਂ ਦਿੱਲੀ ਸਥਿਤ ਹਿਮਾਚਲ ਭਵਨ ਦੇ 7 ਕਮਰੇ, ਹਿਮਾਚਲ ਸਦਨ ਦੇ 4 ਕਮਰੇ, ਚੰਡੀਗੜ੍ਹ ਸਥਿਤ ਹਿਮਾਚਲ ਭਵਨ ਦੇ 6 ਕਮਰੇ ਅਤੇ ਸ਼ਿਮਲਾ ਦੇ ਵਿਲੀਜ਼ ਪਾਰਕ ਸਰਕਟ ਹਾਊਸ ਦੇ 7 ਕਮਰੇ ਸ਼ਾਮਲ ਹਨ। ਇਨ੍ਹਾਂ ਕਮਰਿਆਂ ਦੀ ਆਨਲਾਈਨ ਬੁਕਿੰਗ ਠਹਿਰਨ ਦੀ ਤਰੀਕ ਤੋਂ ਤਿੰਨ ਦਿਨ ਪਹਿਲਾਂ ਖੁੱਲੇਗੀ ਅਤੇ ਬੁਕਿੰਗ ਪੱਕੀ ਕਰਨ ਲਈ ਪੂਰਾ ਐਡਵਾਂਸ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ ਜਿਸ ਨੂੰ ਨੈੱਟ ਬੈਂਕਿੰਗ, ਕਿਊ.ਆਰ. ਕੋਡ, ਯੂ.ਪੀ.ਆਈ. ਅਤੇ ਕਾਰਡਾਂ ਰਾਹੀਂ ਕੀਤਾ ਜਾ ਸਕਦਾ ਹੈ। ਰੱਦ ਕਰਨ ਦੀ ਨੀਤੀ ਤਹਿਤ ਜੇਕਰ ਬੁਕਿੰਗ ਦੁਪਹਿਰ 12 ਵਜੇ ਦੇ ਚੈੱਕ-ਇਨ ਸਮੇਂ ਤੋਂ 24 ਘੰਟੇ ਪਹਿਲਾਂ ਰੱਦ ਕੀਤੀ ਜਾਂਦੀ ਹੈ ਤਾਂ ਸਿਰਫ਼ 10 ਫ਼ੀਸਦੀ ਕਟੌਤੀ ਕਰਕੇ ਬਾਕੀ ਪੈਸੇ ਵਾਪਸ ਮਿਲ ਜਾਣਗੇ ਪਰ 24 ਘੰਟਿਆਂ ਦੇ ਅੰਦਰ ਰੱਦ ਕਰਨ ‘ਤੇ ਪੂਰਾ ਐਡਵਾਂਸ ਕਿਰਾਇਆ ਜ਼ਬਤ ਕਰ ਲਿਆ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਆਮ ਲੋਕਾਂ ਲਈ ਸਰਕਾਰੀ ਰੈਸਟ ਹਾਊਸਾਂ ਤੱਕ ਪਹੁੰਚ ਆਸਾਨ ਹੋ ਗਈ ਹੈ।

