ਢਹਿ-ਢੇਰੀ ਇਮਾਰਤ ਦਾ ਮਾਲਕ ਗ੍ਰਿਫ਼ਤਾਰ

ਢਹਿ-ਢੇਰੀ ਇਮਾਰਤ ਦਾ ਮਾਲਕ ਗ੍ਰਿਫ਼ਤਾਰ

ਨਵੀਂ ਦਿੱਲੀ :  ਕੌਮੀ ਰਾਜਧਾਨੀ ਦਿੱਲੀ ਦੇ ਸੱਤਿਆ ਨਿਕੇਤਨ ਨੇੜੇ ਪੰਜ ਮੰਜ਼ਿਲਾ ਇਮਾਰਤ ਦੇ ਢਹਿ-ਢੇਰੀ ਹੋਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਹੁਣ ਤੱਕ ਮਲਬੇ ’ਚੋਂ 12 ਜਣਿਆਂ ਨੂੰ ਬਚਾਇਆ ਜਾ ਚੁੱਕਿਆ ਹੈ। ਦਿੱਲੀ ਪੁਲੀਸ ਨੇ ਇਮਾਰਤ ਦੇ ਮਾਲਕ ਹਰੀਰਾਮ ਨੂੰ ਰਾਜਸਥਾਨ ਦੇ ਭਿਵਾੜੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਮਿਉਂਸਿਪਲ ਕਾਰਪੋਰੇਸ਼ਨ ਆਫ ਦਿੱਲੀ (ਐੱਮ ਸੀ ਡੀ) ਦੇ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਅਤੇ ਚਾਰ ਇੰਜਨੀਅਰਾਂ ਐੱਸ ਈ ਰਣਵੀਰ ਸਿੰਘ, ਐਗਜ਼ੀਕਿਊਟਿਵ ਇੰਜਨੀਅਰ (ਬਿਲਡਿੰਗ) ਲਲਿਤ ਕੁਮਾਰ ਗੋਇਲ, ਸਹਾਇਕ ਇੰਜਨੀਅਰ (ਬਿਲਡਿੰਗ) ਸੁਨੀਲ ਚੌਹਾਨ ਅਤੇ ਜੂਨੀਅਰ ਇੰਜਨੀਅਰ (ਬਿਲਡਿੰਗ) ਆਸ਼ੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਹਿਰ ’ਚ ਸਾਰੀਆਂ ਪੰਜ ਮੰਜ਼ਿਲਾ ਇਮਾਰਤਾਂ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਐੱਮ ਸੀ ਡੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ ਹੈ। ਅਦਾਲਤ ਨੇ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੰਦਿਆਂ ਮਾਮਲੇ ’ਤੇ ਸੁਣਵਾਈ 25 ਸਤੰਬਰ ਲਈ ਨਿਰਧਾਰਤ ਕਰ ਦਿੱਤੀ। ਮੁੱਖ ਮੰਤਰੀ ਨੇ ਅੱਜ ਦੂਜੇ ਦਿਨ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕਰੀਬ 80 ਫ਼ੀਸਦੀ ਮਲਬਾ ਹਟਾ ਦਿੱਤਾ ਗਿਆ ਹੈ। ਏਮਸ ਅਨੁਸਾਰ, ਕੁੱਲ 12 ਜਣਿਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ’ਚੋਂ ਅਸਗਰ ਅਲੀ, ਨੀਰਜ ਬਾਵਾ ਅਤੇ ਆਦਿੱਤਿਆ ਕੁਮਾਰ ਦੀ ਹਾਲਤ ਗੰਭੀਰ ਹੈ। 75 ਸਾਲ ਦੇ ਬਜ਼ੁਰਗ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਨੂੰ ਛੁੱਟੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਢਹਿ-ਢੇਰੀ ਹੋਈ ਇਮਾਰਤ ਦੇ ਨਾਲ ਵਾਲੀ ਬਿਲਡਿੰਗ ਦੇ ਮਾਲਕ ਨੂੰ ਤਿੰਨ ਦਿਨਾਂ ਦੇ ਅੰਦਰ ਢਾਂਚਾ ਢਾਹੁਣ ਦੇ ਹੁਕਮ ਜਾਰੀ ਕੀਤੇ ਹਨ।

ਸਰਕਾਰ ਹਾਦਸੇ ਰੋਕਣ ’ਚ ਨਾਕਾਮ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਸੱਤਿਆ ਨਿਕੇਤਨ ’ਚ ਇਮਾਰਤ ਡਿੱਗਣ ਦੇ ਮਾਮਲੇ ’ਚ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ‘ਤੀਹਰੀ ਇੰਜਣ’ ਵਾਲੀ ਸਰਕਾਰ ਹਾਦਸਿਆਂ ਨੂੰ ਰੋਕਣ ’ਚ ਨਾਕਾਮ ਰਹੀ ਹੈ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਸਵਾਲ ਪੁੱਛੇ ਜਾਂਦੇ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲੋਚਕਾਂ ਨੂੰ ‘ਦਿਮਾਗੀ ਨਕਸਲ’ ਅਤੇ ‘ਨਾਰਾਜ਼ ਫੁੱਫੜ’ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਸਲ ਸਮੱਸਿਆ ਇਰਾਦੇ ਦੀ ਘਾਟ ਅਤੇ ਜਵਾਬਦੇਹੀ ਦੀ ਅਣਹੋਂਦ ਹੈ। ਇਸੇ ਦੌਰਾਨ ਐੱਨ ਐੱਸ ਯੂ ਆਈ ਦੇ ਪ੍ਰਧਾਨ ਵਿਨੋਦ ਜਾਖੜ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪੀ ਆਰ ਗੁਬਾਰੇ’ ਦੀ ਫੂਕ ਨਿਕਲ ਗਈ ਹੈ।

‘ਆਪ’ ਨੇ ਭਾਜਪਾ ਆਗੂਆਂ ’ਤੇ ਪੀ ਜੀ ਸਿੰਡੀਕੇਟ ਚਲਾਉਣ ਦੇ ਦੋਸ਼ ਲਾਏ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਸੱਤਿਆ ਨਿਕੇਤਨ ’ਚ ਪੰਜ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਮਗਰੋਂ ਦੋਸ਼ ਲਾਇਆ ਕਿ ਇਸ ਇਲਾਕੇ ’ਚ ਕਈ ਭਾਜਪਾ ਆਗੂਆਂ ਦੀਆਂ ਜਾਇਦਾਦਾਂ ਅਤੇ ਪੀ ਜੀ ਮਾਫ਼ੀਆ ਸਰਗਰਮ ਹੈ ਜਿਸ ਕਾਰਨ ਐੱਮ ਸੀ ਡੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ‘ਆਪ’ ਆਗੂ ਸੌਰਭ ਭਾਰਦਵਾਜ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪ੍ਰਭਾਵਿਤ ਇਲਾਕੇ ਦੇ ਮਾਲਕਾਂ ਦੇ ਨਾਵਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹੋਸਟਲ ਦੇ ਮਲਬੇ ਹੇਠਾਂ ਵਿਦਿਆਰਥੀਆਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਪੈਰਿਸ ’ਚ ਮੰਦਰ ਦੇ ਉਦਘਾਟਨ ’ਚ ਰੁੱਝੇ ਹੋਏ ਹਨ।

Share: