ਬਠਿੰਡਾ : ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਉਤਪਾਦਕਤਾ ਕਾਇਮ ਰੱਖਣ ਲਈ ਮਿੱਟੀ ਦੀ ਪਰਖ ਨੂੰ ਅਹਿਮ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਕਿਸਾਨ ਮਿੱਟੀ ਦੀ ਲੋੜ ਜਾਣੇ ਬਿਨਾਂ ਅੰਦਾਜ਼ੇ ਨਾਲ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਡੀਏਪੀ, ਯੂਰੀਆ ਤੇ ਹੋਰ ਖਾਦਾਂ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਜਿੱਥੇ ਖੇਤੀ ਲਾਗਤ ਵਧਦੀ ਹੈ, ਉੱਥੇ ਮਿੱਟੀ ਦੀ ਸਿਹਤ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਖ਼ਾਸ ਗੱਲ ਇਹ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਿੱਟੀ ਦੀ ਪਰਖ ਦੀ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ।
ਵਿਭਾਗ ਦੀ ਰਿਪੋਰਟ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 57 ਹਜ਼ਾਰ ਮਿੱਟੀ ਦੇ ਸੈਂਪਲਾਂ ਦੀ ਪਰਖ ਕੀਤੀ ਗਈ ਅਤੇ ਇੰਨੇ ਹੀ ਸੁਆਇਲ ਹੈਲਥ ਕਾਰਡ ਕਿਸਾਨਾਂ ਨੂੰ ਵੰਡੇ ਗਏ ਹਨ। ਰਿਪੋਰਟ ਮੁਤਾਬਕ ਸਾਲ 2023-24 ਵਿੱਚ ਮਿੱਟੀ ਪਰਖ ਦਾ ਟੀਚਾ 15 ਹਜ਼ਾਰ ਸੈਂਪਲ ਸੀ, ਜਿਸ ਦੇ ਮੁਕਾਬਲੇ 15 ਹਜ਼ਾਰ ਸੈਂਪਲਾਂ ਦੀ ਪਰਖ ਕੀਤੀ ਗਈ। ਸਾਲ 2024-25 ਵਿੱਚ ਇਹ ਟੀਚਾ ਵਧਾ ਕੇ 20 ਹਜ਼ਾਰ ਕੀਤਾ ਗਿਆ ਅਤੇ ਸਾਰੇ 20 ਹਜ਼ਾਰ ਸੈਂਪਲਾਂ ਦੀ ਪਰਖ ਹੋਈ। ਇਸੇ ਤਰ੍ਹਾਂ ਸਾਲ 2025-26 ਵਿੱਚ 22 ਹਜ਼ਾਰ ਦੇ ਟੀਚੇ ਦੇ ਮੁਕਾਬਲੇ 22 ਹਜ਼ਾਰ ਸੈਂਪਲਾਂ ਦੀ ਪਰਖ ਕਰਕੇ ਸੁਆਇਲ ਹੈਲਥ ਕਾਰਡ ਜਾਰੀ ਕੀਤੇ ਗਏ।
ਇਸ ਤਰ੍ਹਾਂ ਤਿੰਨ ਸਾਲਾਂ ਦੌਰਾਨ ਮਿੱਟੀ ਪਰਖ ਦਾ ਸਾਲਾਨਾ ਟੀਚਾ 15 ਹਜ਼ਾਰ ਤੋਂ ਵਧ ਕੇ 22 ਹਜ਼ਾਰ ਹੋ ਗਿਆ, ਜੋ ਕਰੀਬ 46.7 ਫ਼ੀਸਦੀ ਵਾਧਾ ਹੈ। ਦੂਜੇ ਪਾਸੇ ਜ਼ਿਲ੍ਹੇ ਵਿੱਚ ਲਗਪਗ 2.80 ਲੱਖ ਹੈਕਟੇਅਰ ਵਾਹੀਯੋਗ ਰਕਬਾ ਹੈ। ਇਸ ਦੇ ਮੁਕਾਬਲੇ ਤਿੰਨ ਸਾਲਾਂ ਦੌਰਾਨ 57 ਹਜ਼ਾਰ ਸੈਂਪਲਾਂ ਦੀ ਪਰਖ ਹੋਈ ਹੈ। ਇਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਿੱਟੀ ਪਰਖ ਦੀ ਮੁਫ਼ਤ ਸਹੂਲਤ ਦਾ ਘੇਰਾ ਹੋਰ ਵਧਾਉਣ ਦੀ ਲੋੜ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮ ਖੇਤਾਂ ਵਿੱਚੋਂ ਮਿੱਟੀ ਦੇ ਸੈਂਪਲ ਇਕੱਠੇ ਕਰਕੇ ਲੈਬਾਰਟਰੀਆਂ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣ ਅਤੇ ਰਿਪੋਰਟ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਵਿੱਚ ਬੇਲੋੜੀਆਂ ਰੇਹਾਂ-ਸਪਰੇਹਾਂ ਦੀ ਵਰਤੋਂ ਕਾਰਨ ਮਿੱਟੀ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜ ਤੋਂ ਵੱਧ ਖਾਦਾਂ ਅਤੇ ਸਪਰੇਹਾਂ ਦੀ ਵਰਤੋਂ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਨੂੰ ਹੋਰ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਅਫ਼ਸਰਾਂ ਨੂੰ ਦਫ਼ਤਰਾਂ ਤੱਕ ਸੀਮਤ ਰਹਿਣ ਦੀ ਬਜਾਏ ਖੇਤਾਂ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣਨ ਦੀ ਅਪੀਲ ਕੀਤੀ। ਬਰਾੜ ਨੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਤੇ ਸਪਰੇਹਾਂ ਦੇ ਖਰਚੇ ਤੋਂ ਬਚਾਉਣ ਲਈ ਪੰਜਾਬ ਪੱਧਰ ’ਤੇ ਮਿੱਟੀ ਪਰਖ ਦੀ ਵਿਸ਼ੇਸ਼ ਮੁਹਿੰਮ ਚਲਾਉਣ ’ਤੇ ਜ਼ੋਰ ਦਿੱਤਾ।
ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਦਾ ਪੱਖ
ਪੀਏਯੂ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋਂ ਅਨੁਸਾਰ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਮਿੱਟੀ ਵਿੱਚ ਨਾਈਟਰੋਜਨ ਦੀ ਸਥਿਤੀ ਘੱਟ ਤੋਂ ਦਰਮਿਆਨੀ ਹੈ, ਜਦੋਂਕਿ ਫਾਸਫੋਰਸ ਅਤੇ ਪੋਟਾਸ਼ ਦਰਮਿਆਨੀ ਤੋਂ ਉੱਚੀ ਸ਼੍ਰੇਣੀ ਵਿੱਚ ਹਨ। ਇਸ ਲਈ ਹਰ ਖੇਤ ਵਿੱਚ ਇੱਕੋ ਜਿਹੀ ਖਾਦ ਪਾਉਣ ਦੀ ਬਜਾਏ ਮਿੱਟੀ ਦੀ ਲੋੜ ਅਨੁਸਾਰ ਪੋਸ਼ਕ ਤੱਤ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਰੂੜੀ ਨੂੰ ਟੋਏ ਵਿੱਚ ਪਾ ਕੇ ਕਰੀਬ ਛੇ ਮਹੀਨੇ ਗਲਾਉਣ ਤੋਂ ਬਾਅਦ ਹੀ ਖੇਤ ਵਿੱਚ ਵਰਤਿਆ ਜਾਵੇ।

