Nepal Flood Disaster: ਨੇਪਾਲ ਵਿੱਚ ਕੌਮੀ ਸੋਗ ਦਿਵਸ ਮਨਾਇਆ; 5 ਹਜ਼ਾਰ ਹਾਲੇ ਵੀ ਲਾਪਤਾ

Nepal Flood Disaster: ਨੇਪਾਲ ਵਿੱਚ ਕੌਮੀ ਸੋਗ ਦਿਵਸ ਮਨਾਇਆ; 5 ਹਜ਼ਾਰ ਹਾਲੇ ਵੀ ਲਾਪਤਾ

ਕਾਠਮੰਡੂ : ਨੇਪਾਲ ਨੇ ਰਾਸੁਵਾ ’ਚ ਅਚਾਨਕ ਆਏ ਭਿਆਨਕ ਹੜ੍ਹਾਂ ਦੇ 13ਵੇਂ ਦਿਨ ਸੋਮਵਾਰ ਨੂੰ ਕੌਮੀ ਸੋਗ ਦਿਵਸ ਮਨਾਇਆ ਅਤੇ ਕੁਦਰਤੀ ਆਫ਼ਤ ’ਚ ਜਾਨ ਗੁਆਉਣ ਵਾਲੇ 1355 ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ। ਕਰੀਬ ਪੰਜ ਹਜ਼ਾਰ ਵਿਅਕਤੀ ਹਾਲੇ ਵੀ ਲਾਪਤਾ ਹਨ ਜਿਨ੍ਹਾਂ ’ਚੋਂ 589 ਵਿਦੇਸ਼ੀ ਨਾਗਰਿਕ ਹਨ। ਸਰਕਾਰ ਨੇ ਰਾਸੁਵਾ, ਨੁਵਾਕੋਟ, ਧੜਿੰਗ, ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀ ਤੰਤਰ ਨਾਲ ਜੁੜੇ ਹੋਰ ਖੇਤਰਾਂ ’ਚ ਹੜ੍ਹ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ 7 ਸਤੰਬਰ ਨੂੰ ਕੌਮੀ ਸੋਗ ਦਿਵਸ ਐਲਾਨਿਆ ਸੀ। ਹਿੰਦੂ ਰਵਾਇਤ ਮੁਤਾਬਕ ਕਿਸੇ ਵਿਅਕਤੀ ਦੀ ਮੌਤ ਦੇ 13ਵੇਂ ਦਿਨ ਨੂੰ ਸੋਗ ਵਜੋਂ ਅਹਿਮ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪੂਜਾ-ਪਾਠ ਕੀਤਾ ਜਾਂਦਾ ਹੈ ਅਤੇ ਰਸਮੀ ਤੌਰ ’ਤੇ ਸੋਗ ਦੇ ਸਮੇਂ ਦੀ ਸਮਾਪਤੀ ਮੰਨਿਆ ਜਾਂਦਾ ਹੈ। ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਜਾਰੀ ਬਿਆਨ ’ਚ ਕਿਹਾ ਸੀ ਕਿ ਮੁਲਕ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਵਿਦੇਸ਼ਾਂ ’ਚ ਨੇਪਾਲੀ ਕੂਟਨੀਤਕ ਮਿਸ਼ਨਾਂ ’ਚ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ।

ਇਸ ਦੌਰਾਨ ਸਰਕਾਰ ਨੇ 8 ਸਤੰਬਰ ਮੰਗਲਵਾਰ ਨੂੰ ਜੈੱਨ-ਜ਼ੀ ਸ਼ਹੀਦ ਦਿਵਸ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਬੀਤੇ ਵਰ੍ਹੇ ਇਸੇ ਦਿਨ ਕਾਠਮੰਡੂ ’ਚ ਜੈੱਨ-ਜ਼ੀ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਮੁਲਕ ’ਚ ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ। ਹਾਈਡਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ’ਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੁਰੱਖਿਆ ਬਲਾਂ ਦੇ ਨਾਲ ਨਾਲ ਵਿਸ਼ੇਸ਼ ਸਿਖਲਾਈ ਪ੍ਰਾਪਤ ਕੌਮਾਂਤਰੀ ਬਚਾਅ ਦਲ ਲਾਪਤਾ ਲੋਕਾਂ ਦਾ ਪਤਾ ਲਗਾਉਣ ਅਤੇ ਲਾਸ਼ਾਂ ਬਰਾਮਦ ਕਰਨ ’ਚ ਜੁਟੇ ਹੋਏ ਹਨ। ਇਸ ਆਫ਼ਤ ਕਾਰਨ 32 ਹਜ਼ਾਰ ਪਰਿਵਾਰ ਦਰ-ਬਦਰ ਹੋਏ ਹਨ। ਕਰੀਬ ਸਾਢੇ 7 ਹਜ਼ਾਰ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਜਦਕਿ ਮੱਧ ਨੇਪਾਲ ’ਚ ਲੋਕਾਂ ਦੀ ਰੋਜ਼ੀ-ਰੋਟੀ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ’ਤੇ ਵੀ ਗੰਭੀਰ ਅਸਰ ਪਿਆ ਹੈ।

ਰਾਸ਼ਟਰਪਤੀ ਨੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ

ਕਾਠਮੰਡੂ: ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਨੁਵਾਕੋਟ ਅਤੇ ਰਾਸੁਵਾ ਸਮੇਤ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਬਿਦੁਰ ਨਗਰਪਾਲਿਕਾ ’ਚ ਇੱਕ ਰਾਹਤ ਕੈਂਪ ਦਾ ਦੌਰਾ ਕਰ ਕੇ ਉੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਮੁੜ ਵਸੇਬੇ ਦੇ ਕੰਮਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। -ਪੀਟੀਆਈ

ਬਚਾਅ ਕਾਰਜਾਂ ’ਚ ਕੁੱਤਿਆਂ ਦੀ ਲਈ ਜਾ ਰਹੀ ਮਦਦ

ਕਾਠਮੰਡੂ: ਭਿਆਨਕ ਹੜ੍ਹਾਂ ਕਾਰਨ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਲਈ ਨੇਪਾਲ ਪੁਲੀਸ ਅਤੇ ਆਰਮਡ ਪੁਲੀਸ ਫੋਰਸ ਵੱਲੋਂ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਰਾਸੁਵਾ ਦੇ ਤਿਮੁਰੇ ਅਤੇ ਘਾਟੀਖੋਲਾ ’ਚ ਹੜ੍ਹ ਵਾਲੇ ਦਿਨ ਤੋਂ ਹੀ ਰੌਕੀ ਅਤੇ ਜੰਬੋ (ਬੈਲਜੀਅਮ ਤੇ ਜਰਮਨ ਸ਼ੈਫਰਡ) ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਲਾਸ਼ਾਂ ਲੱਭਣ ’ਚ ਮਦਦ ਕੀਤੀ। ਇਸ ਤੋਂ ਇਲਾਵਾ ਲੀਓ, ਕਾਲੂ (ਲੈਬਰਾਡੋਰ) ਅਤੇ ਦੀਪਸੀ (ਜਰਮਨ ਸ਼ੈਫਰਡ) ਸਮੇਤ ਨੇਪਾਲ ਪੁਲੀਸ ਦੇ ਪੰਜ ਕੁੱਤੇ ਅਤੇ 10 ਹੈਂਡਲਰ ਇਸ ਮੁਹਿੰਮ ’ਚ ਸ਼ਾਮਲ ਹਨ। ਆਰਮਡ ਪੁਲੀਸ ਫੋਰਸ ਨੇ ਵੀ 7 ਕੁੱਤੇ ਅਤੇ 14 ਹੈਂਡਲਰ ਤਿਮੁਰੇ, ਦੇਵੀਘਾਟ, ਬੇਤਰਾਵਤੀ, ਤ੍ਰਿਸ਼ੂਲੀ ਬਾਜ਼ਾਰ, ਧੜਿੰਗ ਅਤੇ ਚਿਤਵਨ ਸਮੇਤ ਪ੍ਰਭਾਵਿਤ ਖੇਤਰਾਂ ’ਚ ਤਾਇਨਾਤ ਕੀਤੇ ਹਨ। ਇਨ੍ਹਾਂ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਤਿੱਖੀ ਸੁੰਘਣ ਸ਼ਕਤੀ ਕਾਰਨ ਬਚਾਅ ਟੀਮਾਂ ਨੂੰ ਮਲਬੇ ਹੇਠੋਂ ਲਾਸ਼ਾਂ ਲੱਭਣ ’ਚ ਵੱਡੀ ਸਫਲਤਾ ਮਿਲ ਰਹੀ ਹੈ।

Share: