ਬੈਰੂਤ : ਇਜ਼ਰਾਈਲ ਵੱਲੋਂ ਅੱਜ ਦੱਖਣੀ ਲੈਬਨਾਨ ਵਿੱਚ ਕੀਤੇ ਗਏ ਹਵਾਈ ਹਮਲਿਆਂ ’ਚ ਦੋ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋਏ ਹਨ। ਇਜ਼ਰਾਈਲ ਅਨੁਸਾਰ ਉਸ ਨੇ ਹਿਜ਼ਬੁੱਲਾ ਡਰੋਨ ਹਮਲਿਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਹੈ। ਅਮਰੀਕਾ ਦੀ ਵਿਚੋਲਗੀ ਨਾਲ ਜੂਨ ਵਿੱਚ ਹਿਜ਼ਬੁੱਲਾ ਨਾਲ ਹੋਈ ਜੰਗਬੰਦੀ ਦੇ ਬਾਵਜੂਦ ਇਜ਼ਰਾਇਲੀ ਫ਼ੌਜ ਦੱਖਣੀ ਲੈਬਨਾਨ ਦੇ ਸੁਰੱਖਿਆ ਖੇਤਰ ਵਿੱਚ ਕਾਰਵਾਈ ਕਰ ਰਹੀ ਹੈ। ਲੈਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਇਲੀ ਫ਼ੌਜ ਦੇ ਕਬਜ਼ੇ ਵਾਲੇ ਖੇਤਰ ਦੇ ਕੰਢੇ ’ਤੇ ਵਸੇ ਕਸਬੇ ਵਿੱਚ ਦੋ ਵਿਅਕਤੀ ਮਾਰੇ ਗਏ, ਜਦਕਿ ਦੋ ਔਰਤਾਂ ਦੀ ਮੌਤ ਅਰਬ ਸਲੀਮ ਖੇਤਰ ਵਿੱਚ ਹੋਈ। ਇਨ੍ਹਾਂ ਹਮਲਿਆਂ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਅਰਬ ਸਲੀਮ ਦੀ ਇੱਕ ਇਮਾਰਤ ਨੂੰ ਹਿਜ਼ਬੁੱਲਾ ਦਾ ਟਿਕਾਣਾ ਦੱਸਦਿਆਂ ਸਵੇਰੇ ਛੇ ਵਜੇ ਇਮਾਰਤ ਖ਼ਾਲੀ ਕਰਨ ਦੀ ਔਨਲਾਈਨ ਚਿਤਾਵਨੀ ਜਾਰੀ ਕੀਤੀ ਸੀ।
ਦੂਜੇ ਪਾਸੇ, ਲੈਬਨਾਨ ਦੇ ਰਾਸ਼ਟਰਪਤੀ ਜੋਸਫ ਔਨ ਦੇ ਦਫ਼ਤਰ ਨੇ ਇਨ੍ਹਾਂ ਹਮਲਿਆਂ ਨੂੰ ਖ਼ਤਰਨਾਕ ਕਰਾਰ ਦਿੰਦਿਆਂ ਕਿਹਾ ਕਿ ਇਸ ਬੰਬਾਰੀ ਕਾਰਨ ਹਸਪਤਾਲ ਤਬਾਹ ਹੋ ਗਿਆ ਅਤੇ ਵਿੱਤ ਮੰਤਰਾਲੇ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਾ ਹੈ। ਉਨ੍ਹਾਂ ਨੇ ਇਸ ਕਾਰਵਾਈ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਮਰੀਕਾ ਅਤੇ ਕੌਮਾਂਤਰੀ ਭਾਈਚਾਰੇ ਤੋਂ ਦਖ਼ਲ ਦੀ ਮੰਗ ਕੀਤੀ ਹੈ। ਇਸ ਦੇ ਉਲਟ, ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਸਿਰਫ਼ ਹਿਜ਼ਬੁੱਲਾ ਦੇ ਹਥਿਆਰਾਂ ਦੇ ਭੰਡਾਰ ਅਤੇ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ।

