Delhi Building Collapse: ਏ ਬੀ ਵੀ ਪੀ ਵੱਲੋਂ ਐੱਮ ਸੀ ਡੀ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ

Delhi Building Collapse: ਏ ਬੀ ਵੀ ਪੀ ਵੱਲੋਂ ਐੱਮ ਸੀ ਡੀ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ

ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਵਾਪਰੇ ਇਮਾਰਤ ਹਾਦਸੇ ਤੋਂ ਬਾਅਦ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਗੁੱਸੇ ਵਿੱਚ ਆ ਕੇ ਦਿੱਲੀ ਦੇ ਸਿਵਕ ਸੈਂਟਰ ਸਥਿਤ ਐਮਸੀਡੀ (MCD) ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਹਾਦਸੇ ਲਈ ਸਿੱਧੇ ਤੌਰ ‘ਤੇ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਐਮਸੀਡੀ ਕਮਿਸ਼ਨਰ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਗੁੱਸੇ ਵਿੱਚ ਆ ਕੇ ਦਫ਼ਤਰ ਦੀ ਭੰਨਤੋੜ ਕੀਤੀ। ਪੁਲੀਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਦੂਜੇ ਪਾਸੇ ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਦਿੱਲੀ ਯੂਨੀਵਰਸਿਟੀ (DU) ਦੇ ਸਾਊਥ ਕੈਂਪਸ ਨਾਲ ਜੁੜੇ ਕਈ ਕਾਲਜਾਂ ਨੇ ਅੱਗੇ ਆਉਂਦਿਆਂ ਉਨ੍ਹਾਂ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਜੋ ਇਮਾਰਤ ਡਿੱਗਣ ਕਾਰਨ ਬੇਘਰ ਹੋ ਗਏ ਹਨ। ਇਨ੍ਹਾਂ ਵਿਦਿਆਰਥੀਆਂ ਦੀ ਮਦਦ ਲਈ ਕਾਲਜਾਂ ਵੱਲੋਂ ਖਾਣ-ਪੀਣ, ਪਾਣੀ ਅਤੇ ਅਸਥਾਈ ਰੁਕਣ (ਸ਼ੈਲਟਰ) ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਆਤਮਾ ਰਾਮ ਸਨਾਤਨ ਧਰਮ ਕਾਲਜ (ARSD) ਨੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਕੈਂਪਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਕਾਲਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਕਾਲਜ ਦੀ ਕੰਟੀਨ ਖੋਲ੍ਹ ਦਿੱਤੀ ਗਈ ਹੈ ਅਤੇ ਨੇੜਲੇ ਕਮਿਊਨਿਟੀ ਸੈਂਟਰ ਅਤੇ ਗੁਰਦੁਆਰੇ ਵਿੱਚ ਉਨ੍ਹਾਂ ਦੇ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਵਿਦਿਆਰਥੀਆਂ ਨੂੰ ਸੰਪਰਕ ਕਰਨ ਤੇ ਅਫਵਾਹਾਂ ਤੋਂ ਬਚਣ ਲਈ ਕਿਹਾ

ਆਰਐਸਡੀ (ARSD) ਕਾਲਜ ਤੋਂ ਇਲਾਵਾ ਜੀਸਸ ਐਂਡ ਮੈਰੀ ਕਾਲਜ (JMC) ਨੇ ਵੀ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕੈਂਪਸ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਜੋ ਆਪਣੀ ਰਿਹਾਇਸ਼ ’ਤੇ ਪਰਤ ਨਹੀਂ ਸਕਦੇ। ਸ੍ਰੀ ਵੈਂਕਟੇਸ਼ਵਰ ਕਾਲਜ, ਮੈਤ੍ਰੇਈ ਕਾਲਜ ਅਤੇ ਮੋਤੀ ਲਾਲ ਨਹਿਰੂ ਕਾਲਜ (MLNC) ਨੇ ਵੀ ਆਪਣੇ ਵਿਦਿਆਰਥੀਆਂ ਲਈ ਸੁਨੇਹੇ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੇ ਵਿਦਿਆਰਥੀ ਆਪਣੇ ਪੀਜੀ ਜਾਂ ਕਿਰਾਏ ਦੇ ਕਮਰਿਆਂ ਨੂੰ ਲੈ ਕੇ ਕਿਸੇ ਵੀ ਸਮੱਸਿਆ ਜਾਂ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ, ਉਹ ਬਿਨਾਂ ਕਿਸੇ ਝਿਝਕ ਦੇ ਕਾਲਜ ਨਾਲ ਸੰਪਰਕ ਕਰਨ। ਮੋਤੀ ਲਾਲ ਨਹਿਰੂ ਕਾਲਜ ਵੱਲੋਂ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ ਵੱਖਰੇ ਤੌਰ ‘ਤੇ ਰੁਕਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਦਿਆਰਥੀ ਸੰਗਠਨ ਵੀ ਸੋਸ਼ਲ ਮੀਡੀਆ ਜ਼ਰੀਏ ਲੋੜਵੰਦਾਂ ਤੱਕ ਮਦਦ ਪਹੁੰਚਾ ਰਹੇ ਹਨ। ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਾਲਜ ਆਈਡੀ ਕਾਰਡ ਨਾਲ ਰੱਖਣ, ਅਸੁਰੱਖਿਅਤ ਰਸਤਿਆਂ ਤੋਂ ਬਚਣ ਅਤੇ ਅਫਵਾਹਾਂ ਜਾਂ ਬੇਬੁਨਿਆਦ ਵੀਡੀਓਜ਼ ਨੂੰ ਅੱਗੇ ਨਾ ਫੈਲਾਉਣ।

Share: